ਸੰਗਰੂਰ, 8 ਮਈ (ਅਮਨਦੀਪ ਸਿੰਘ ਬਿੱਟਾ) - ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਜਗਜੀਤ ਭੁਟਾਲ, ਮਾਸਟਰ ਕੁਲਦੀਪ ਸਿੰਘ, ਵਿੱਤ ਸਕੱਤਰ ਮਨਧੀਰ ਰਾਜੋਮਾਜਰਾ, ਮੀਤ ਪ੍ਰਧਾਨ ਬਸੇਸ਼ਰ ਰਾਮ, ਕੁਲਵਿੰਦਰ ਬੰਟੀ ਅਤੇ ਜੁਝਾਰ ਲੌਂਗੋਵਾਲ ਨੇ ਪੱਛਮੀ ਬੰਗਾਲ ਵਿੱਚ ਕਾਮਰੇਡ ਲੈਨਿਨ ਦਾ ਬੁੱਤ ਤੋੜੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜੇ ਉੱਥੇ ਹਕੂਮਤ ਦਾ ਗਠਨ ਵੀ ਨਹੀਂ ਹੋਇਆ, ਭਾਜਪਾ ਨੇ ਆਪਣੇ ਫ਼ਿਰਕੂ ਇਤਿਹਾਸ ਦੀ ਦੋਖੀ ਹੋਣ ਦਾ ਸਬੂਤ ਦੇ ਦਿੱਤਾ ਹੈ | ਉਨ੍ਹਾਂ ਕਿਹਾ ਕਿ ਬੰਗਾਲ ਦੇ ਮੁਰਾਦਾਬਾਦ ਵਿੱਚ ਜੀਆ ਗੰਜ ਕਾਲਜ ਸਾਹਮਣੇ ਲੱਗੇ ਮਹਾਨ ਕਮਿਊਨਿਸਟ, ਇਨਕਲਾਬੀ ਮਜ਼ਦੂਰ ਜਮਾਤ ਦੇ ਰਹਿਬਰ ਲੈਨਿਨ ਦਾ ਬੁੱਤ ਤੋੜਨ ਅਤੇ ਭਾਜਪਾ ਤੋਂ ਵੱਖਰੇ ਵਿਚਾਰਾਂ ਵਾਲੀਆਂ ਸਿਆਸੀ ਪਾਰਟੀਆਂ ਦੇ ਦਫ਼ਤਰਾਂ ਉੱਪਰ ਹਮਲੇ, ਆਮ ਲੋਕਾਂ ਦੀ ਮਾਰਕੁਟਾਈ ਭਵਿੱਖ ਵਿੱਚ ਇਸ ਪਾਰਟੀ ਦੇ ਪੂਰੇ ਮੁਲਕ ਵਿੱਚ ਕੀ ਇਰਾਦੇ ਹਨ, ਜੱਗ ਜ਼ਾਹਿਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ ਸਮੂਹ ਬੁੱਧੀਜੀਵੀ, ਲੇਖਕ, ਸਾਹਿੱਤਕਾਰ, ਰੰਗ ਕਰਮੀ, ਤਰਕਸ਼ੀਲ, ਜਮਹੂਰੀ ਸੰਸਥਾਵਾਂ, ਸਮਾਜ ਸੇਵੀ ਇਨਸਾਫ਼ ਪਸੰਦ ਵਿਅਕਤੀ ਇੱਕਜੁੱਟ ਹੋ ਕੇ ਇਸ ਧੱਕੇ ਖ਼ਿਲਾਫ਼ ਆਵਾਜ਼ ਉਠਾਉਣ | ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਕਾਮਰੇਡ ਲੈਨਿਨ ਦਾ ਬੁੱਤ ਸਤਿਕਾਰ ਸਹਿਤ ਦੁਬਾਰਾ ਲਗਾਇਆ ਜਾਵੇ |