ਸੰਗਰੂਰ, 8 ਮਈ (ਬਿੱਟਾ) - ਕਾਂਗਰਸ ਪਾਰਟੀ ਨੰੂ ਸੰਗਰੂਰ ਵਿੱਚ ਉਸ ਵੇਲੇ ਵੱਡਾ ਬਲ ਮਿਲਿਆ ਜਦ ਪਿੰਡ ਮੰਗਵਾਲ ਦੇ ਮੌਜੂਦਾ ਪੰਚ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ | ਸਾਬਕਾ ਕੈਬਨਿਟ ਮੰਤਰੀ ਅਤੇ ਕੁੱਲ ਹਿੰਦ ਕਾਂਗਰਸ ਦੇ ਖ਼ਜ਼ਾਨਚੀ ਵਿਜੈਇੰਦਰ ਸਿੰਗਲਾ ਨੇ ਉਪਰੋਕਤ ਪੰਚਾਇਤ ਮੈਂਬਰ ਜਿਨ੍ਹਾਂ ਵਿੱਚ ਮੈਂਬਰ ਪੰਚਾਇਤ ਅਮਰੀਕ ਸਿੰਘ, ਮੈਂਬਰ ਪੰਚਾਇਤ ਰਾਜਾ ਰਾਮ, ਮੈਂਬਰ ਪੰਚਾਇਤ ਮੱਖਣ ਸਿੰਘ, ਮੈਂਬਰ ਪੰਚਾਇਤ ਗੁਰਬਚਨ ਸਿੰਘ ਅਤੇ ਗੁੁਰਕਰਨ ਸਿੰਘ ਨੰੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੀ ਰਸਮ ਨਿਭਾਈ ਅਤੇ ਆਸ ਜਤਾਈ ਕਿ ਭਵਿੱਖ ਵਿੱਚ ਉਹ ਜੋਰ ਸ਼ੋਰ ਨਾਲ ਪਾਰਟੀ ਦੀ ਸੇਵਾ ਵਿੱਚ ਸਰਗਰਮ ਭੂਮਿਕਾ ਨਿਭਾਉਣਗੇ | ਇਸ ਮੌਕੇ ਆਪਣੇ ਸੰਬੋਧਨ ਵਿਚ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਅੱਜ ਦੇਸ਼ ਅਤੇ ਸੂਬੇ ਵਿਚ ਫ਼ਿਰਕੂ ਅਤੇ ਮੌਕਾਪ੍ਰਸਤ ਤਾਕਤਾਂ ਭਾਰੂ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਅਜਿਹੇ ਸਮੇਂ ਵਿੱਚ ਉਪਰੋਕਤ ਸੂਝਵਾਨ ਆਗੂਆਂ ਦਾ ਕਾਂਗਰਸ ਨਾਲ ਜੁੜਨਾ ਇਹ ਸੰਦੇਸ਼ ਦਿੰਦਾ ਹੈ ਕਿ ਲੋਕ ਸੱਚ ਦੇ ਮਾਰਗ ਉੱਤੇ ਚੱਲਣਾ ਚਾਹੁੰਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਮੰਗਵਾਲ ਦੇ ਇਨ੍ਹਾਂ ਪ੍ਰਭਾਵਸ਼ਾਲੀ ਆਗੂਆਂ ਦਾ ਕਾਂਗਰਸ ਵਿਚ ਆਉਣ ਨਾਲ ਨਾ ਸਿਰਫ਼ ਕਾਂਗਰਸ ਸੰਗਰੂਰ ਹਲਕੇ ਵਿਚ ਮਜ਼ਬੂਤ ਹੋਵੇਗੀ ਸਗੋਂ ਇਸ ਦਾ ਅਸਰ ਪੰਜਾਬ ਦੀ ਸਿਆਸਤ ਉੱਤੇ ਵੀ ਪਵੇਗਾ | ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਰੌਕੀ ਬਾਂਸਲ ਵੀ ਉਚੇਚੇ ਤੌਰ ਉੱਤੇ ਹਾਜ਼ਰ ਸਨ |