ਸੰਗਰੂਰ, 20 ਮਈ (ਅਮਨਦੀਪ ਸਿੰਘ ਬਿੱਟਾ) - ਬਹੁਜਨ ਮੁਕਤੀ ਪਾਰਟੀ ਵਲੋਂ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਕੌਰ ਧੂਰੀ, ਸੂਬਾ ਮੀਤ ਪ੍ਰਧਾਨ ਡਾ. ਸੁਖਜਿੰਦਰ ਸਿੰਘ ਗਾਗੋਵਾਲੀਆ, ਚਰਨ ਸਿੰਘ ਚੱਠਾ ਸੂਬਾ ਮੀਤ ਪ੍ਰਧਾਨ ਦੀ ਅਗਵਾਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਚੁੱਲ੍ਹਾ ਜਲਾਓ ਅੰਦੋਲਨ ਤਹਿਤ ਰੋਸ ਮੁਜ਼ਾਹਰਾ ਕਰਦਿਆਂ ਜ਼ਿਲ੍ਹਾ ਅਧਿਕਾਰੀ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ | ਆਗੂਆਂ ਨੇ ਕਿਹਾ ਕਿ ਸਮਾਰਟ ਬਿਜਲੀ ਮੀਟਰ ਖਪਤਕਾਰਾਂ ਤੇ ਬਹੁਤ ਜ਼ਿਆਦਾ ਬਿਜਲੀ ਬਿਲਾਂ ਦਾ ਬੋਝ ਪਾ ਰਹੇ ਹਨ | ਜਨਤਾ ਦੀ ਵਿੱਤੀ ਲੁੱਟ ਕੀਤੀ ਜਾਂਦੀ ਹੈ, ਇਸ ਲਈ ਸਮਾਰਟ ਮੀਟਰ ਨੂੰ ਮਨਜ਼ੂਰੀ ਦੇਣ ਵਾਲੇ ਚੇਅਰਮੈਨ ਸਮੇਤ ਹੋਰ ਜ਼ਿੰਮੇਵਾਰ ਅਧਿਕਾਰੀਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ | ਦਿਨ ਪ੍ਰਤੀ ਦਿਨ ਪੈਟਰੋਲ, ਡੀਜ਼ਲ, ਗੈਸ ਸਿਲੰਡਰਾਂ ਦੇ ਵਧ ਰਹੇ ਭਾਅ 'ਤੇ ਚਿੰਤਾ ਜਤਾਉਂਦਿਆਂ ਆਗੂਆਂ ਨੇ ਕਿਹਾ ਕਿ ਮਹਿੰਗਾਈ ਦੇ ਵਿਰੋਧ ਵਿਚ ਚੁੱਲ੍ਹਾ ਜਲਾਓ ਅੰਦੋਲਨ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਕੱਚੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਸਬੰਧ ਵਿਚ ਅੰਦੋਲਨ ਤੇਜ ਕਰਨ ਦਾ ਐਲਾਨ ਵੀ ਕੀਤਾ ਗਿਆ | ਇਸ ਮੌਕੇ ਮਨੀਸ਼ ਚੌਹਾਨ ਜ਼ਿਲ੍ਹਾ ਪ੍ਰਧਾਨ, ਮੀਨਾ ਕੁਮਾਰ, ਪ੍ਰੇਮ ਸਿੰਘ , ਧੀਰ ਸਿੰਘ, ਰਮੇਸ਼ ਕੁਮਾਰ, ਅਨਿਲ ਬਾਲਮਿਕਨ, ਪਨਦੀਪ ਸਿੰਘ, ਮੇਲਾ ਸਿੰਘ ਉਗਰਾਹਾਂ ਨੇ ਵੀ ਸੰਬੋਧਨ ਕੀਤਾ |