ਭਵਾਨੀਗੜ੍ਹ, 21 ਮਈ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਵਿਸ਼ੇਸ਼ ਤੌਰ 'ਤੇ ਪੈੱ੍ਰਸ ਕਾਨਫ਼ਰੰਸ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ 'ਤੇ ਭਵਾਨੀਗੜ੍ਹ ਦੇ ਵਿਕਾਸ ਕਾਰਜਾਂ ਨੂੰ ਜਾਣਬੁੱਝ ਕੇ ਰੋਕਣ ਦੇ ਦੋਸ਼ ਲਗਾਉਂਦਿਆਂ ਇਲਾਕੇ ਦੇ ਲੋਕਾਂ ਨੂੰ ਕਾਂਗਰਸ ਨੂੰ ਇਕ ਵਾਰ ਫਿਰ ਨਕਾਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਦਾ ਬਦਲਾ ਲੈਣ ਲਈ ਪਿਛਲੇ 4 ਸਾਲਾਂ ਦੌਰਾਨ ਭਵਾਨੀਗੜ੍ਹ ਦੇ ਵਿਕਾਸ ਨੂੰ ਯੋਜਨਾਬੱਧ ਢੰਗ ਨਾਲ ਪ੍ਰਭਾਵਿਤ ਕਰਦਿਆਂ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਨਗਰ ਕੌਂਸਲ ਚੋਣਾਂ ਦੌਰਾਨ ਸੱਤਾ ਦਾ ਦੁਰਉਪਯੋਗ ਕੀਤਾ ਗਿਆ ਅਤੇ ਉਸ ਸਮੇਂ ਬਣੇ ਕੁੱਝ ਕੌਂਸਲਰਾਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਰੁਕਾਵਟਾਂ ਪਈਆਂ, ਜਿਸ ਕਰ ਕੇ ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ, ਗਲੀਆਂ-ਨਾਲੀਆਂ, ਸਟਰੀਟ ਲਾਈਟਾਂ, ਸਫ਼ਾਈ ਪ੍ਰਬੰਧਾਂ ਜਾਂ ਹੋਰ ਜਨਹਿਤ ਪ੍ਰੋਜੈਕਟਾਂ ਸਬੰਧੀ ਮਤੇ ਨਗਰ ਕੌਂਸਲ ਵਿੱਚ ਲਿਆਂਦੇ ਜਾਂਦੇ ਮਤਿਆਂ ਦਾ 15 'ਚੋਂ 8 ਕੌਂਸਲਰਾਂ ਤੋਂ ਵਿਰੋਧ ਕਰਵਾਇਆ | ਵਿਧਾਇਕਾ ਭਰਾਜ ਨੇ ਕਿਹਾ ਕਿ ਨਗਰ ਕੌਂਸਲ ਦੇ 8 ਕੌਂਸਲਰਾਂ ਵੱਲੋਂ ਬਿਨਾਂ ਕਿਸੇ ਠੋਸ ਕਾਰਨ ਦੇ ਵਿਕਾਸ ਪ੍ਰੋਜੈਕਟਾਂ 'ਤੇ ਲਗਾਤਾਰ ਇਤਰਾਜ਼ ਲਗਾਏ ਜਾਂਦੇ ਰਹੇ, ਜਿਸ ਕਾਰਨ ਕਈ ਅਹਿਮ ਪ੍ਰੋਜੈਕਟ ਫ਼ਾਈਲਾਂ ਵਿੱਚ ਹੀ ਅਟਕੇ ਰਹੇ | ਜਿਸ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਵਧੀਆਂ | ਵਿਧਾਇਕਾ ਭਰਾਜ ਨੇ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਹਿਰ ਦੇ ਵਿਕਾਸ ਨਾਲ ਕੋਈ ਲੈਣਾ-ਦੇਣਾ ਨਹੀਂ, ਸਗੋਂ ਉਹ ਸਿਰਫ਼ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ | ਇਸ ਸਬੰਧੀ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੌਂਸਲਰਾਂ 'ਤੇ ਦਬਾਅ ਬਣਾ ਕੇ ਵਿਧਾਇਕਾ ਨੇ ਆਪ ਵਿਚ ਸ਼ਾਮਿਲ ਕਰਦਿਆਂ ਆਪਣਾ ਪ੍ਰਧਾਨ ਬਣਾਇਆ, ਪਰ ਸ਼ਹਿਰ ਦੇ ਕੰਮ ਪੂਰੇ ਨਾ ਕਰਨ 'ਤੇ ਵਿਧਾਇਕਾ ਦੋਸ਼ ਮੇਰੇ 'ਤੇ ਦੇ ਰਹੀ ਹੈ, ਜੋ ਕਿ ਨਿੰਦਣਯੋਗ ਗੱਲ ਹੈ |