ਧੂਰੀ, 22 ਮਈ (ਲਖਵੀਰ ਸਿੰਘ ਧਾਂਦਰਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਧੂਰੀ ਦੇ ਇੰਚਾਰਜ ਰਣਜੀਤ ਸਿੰਘ ਰੰਧਾਵਾ ਕਾਤਰੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਤੇਜ਼ ਕਰਦਿਆਂ ਅੱਜ ਵਾਰਡ ਨੰਬਰ 17 ਤੋਂ ਅਕਾਲੀ ਉਮੀਦਵਾਰ ਜਸ਼ਨਦੀਪ ਸਿੰਘ ਬਿੱਟੂ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਦੇ ਹੱਕ ਵਿਚ ਸੰਬੋਧਨ ਕਰਦਿਆਂ ਰਣਜੀਤ ਸਿੰਘ ਰੰਧਾਵਾ ਕਾਤਰੋਂ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਿਤ ਹੋਈ ਹੈ ਅਤੇ ਪੰਜਾਬ ਦੇ ਲੋਕ 'ਆਪ' ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਹਨ ਅਤੇ ਇਨ੍ਹਾਂ ਨਗਰ ਕੌਂਸਲ ਚੋਣਾਂ ਵਿਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਭਾਰੀ ਜੇਤੂ ਫਤਵਾ ਦੇਣਗੇ | ਉਨ੍ਹਾਂ ਧੂਰੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਉਹ ਧੂਰੀ ਦੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾ ਕੇ ਜੇਤੂ ਫਤਵਾ ਦੇਣ | ਇਸ ਮੌਕੇ ਸੰਜੀਵ ਗਰਗ ਪਿੰਟਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਠੇਕੇਦਾਰ ਜਸਦੇਵ ਸਿੰਘ ਜੱਸਾ, ਡਾ. ਕਰਨਵੀਰ ਸਿੰਘ ਘਨੋਰੀ, ਸਰਵਣ ਸਿੰਘ ਸ਼ੇਰਪੁਰ ਸੋਢੀਆ, ਸਰਬਜੀਤ ਸਿੰਘ ਕਾਤਰੋਂ, ਭੋਲਾ ਸੇਖੋਂ, ਗੁਰਦਿਆਲ ਸਿੰਘ ਕਾਂਝਲਾ, ਦਰਸ਼ਨ ਸਿੰਘ ਬਿਰਦੀ, ਗੁਰਮੀਤ ਸਿੰਘ, ਕਰਮਜੀਤ ਸਿੰਘ, ਦਰਸ਼ਨ ਸਿੰਘ ਕਾਂਝਲਾ ਅਤੇ ਹੋਰ ਵੀ ਅਕਾਲੀ ਆਗੂ ਹਾਜ਼ਰ ਸਨ |