ਅਮਰਗੜ੍ਹ, 26 ਮਈ (ਪਵਿੱਤਰ ਸਿੰਘ) - ਨਗਰ ਪੰਚਾਇਤ ਅਮਰਗੜ੍ਹ ਦੇ ਵਾਰਡ ਨੰਬਰ ਨੌ ਦੇ ਪੋਲਿੰਗ ਬੂਥ 'ਚ ਮਾਹੌਲ ਉਸ ਸਮੇਂ ਤਣਾਅ ਪੂਰਨ ਹੋ ਗਿਆ, ਜਦੋਂ ਉਮੀਦਵਾਰਾਂ ਦੇ ਸਮਰਥਕਾਂ ਨੇ ਸੱਤਾਧਾਰੀ ਧਿਰ ਦੇ ਉਮੀਦਵਾਰ ਦੇ ਪੋਲਿੰਗ ਬੂਥ ਦੇ ਅੰਦਰ ਬੈਠ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਲਗਾਉਂਦਿਆਂ ਆਪਣੇ ਆਪਣੇ ਆਗੂਆਂ ਨੂੰ ਮੌਕੇ 'ਤੇ ਹੀ ਬੁਲਾ ਲਿਆ | ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ, ਭਾਜਪਾ ਦੇ ਹਲਕਾ ਇੰਚਾਰਜ ਹੀਰਾ ਸਿੰਘ, ਬਹੁਜਨ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਸੰਤੋਖ ਸਿੰਘ ਰਾਏਪੁਰ ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਗੁਰਦੇਵ ਕੌਰ ਨੇ ਇਤਰਾਜ਼ ਜਤਾਇਆ ਕਿ ਵਾਰਡ ਨੰਬਰ ਨੌ ਤੋਂ ਸੱਤਾਧਾਰੀ ਧਿਰ ਦਾ ਉਮੀਦਵਾਰ ਖ਼ੁਦ ਪੋਲਿੰਗ ਏਜੰਟ ਬਣ ਕੇ ਅੰਦਰ ਬੈਠਾ ਹੈ ਅਤੇ ਪੋਲਿੰਗ ਬੂਥ ਦੇ ਅੰਦਰ ਆਉਣ ਵਾਲੇ ਵੋਟਰਾਂ ਨੂੰ ਧਿਆਨ ਰੱਖਣ ਲਈ ਕਹਿੰਦਾ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੱਤਾ ਧਿਰ ਵਲੋਂ ਸਾਡੇ ਉਮੀਦਵਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ 'ਆਪ' ਦੇ ਉਮੀਦਵਾਰ ਨੂੰ ਵੀ ਪੋਲਿੰਗ ਬੂਥ ਬਾਹਰ ਕੱਢਿਆ ਜਾਵੇ ਜਾਂ ਫਿਰ ਸਾਡੇ ਉਮੀਦਵਾਰਾਂ ਨੂੰ ਵੀ ਪੋਲਿੰਗ ਬੂਥ ਦੇ ਅੰਦਰ ਬੈਠਣ ਦੀ ਇਜਾਜ਼ਤ ਦਿੱਤੀ ਜਾਵੇ | ਮੌਕੇ 'ਤੇ ਪੁੱਜੇ ਹਲਕਾ ਵਿਧਾਇਕ ਗੱਜਣਮਾਜਰਾ ਅਤੇ ਪੁਲਿਸ ਪ੍ਰਸ਼ਾਸਨ ਦੇ ਆਹਲਾ ਅਧਿਕਾਰੀਆਂ ਨੇ ਮਾਹੌਲ ਨੂੰ ਸ਼ਾਂਤ ਕਰਵਾਉਂਦਿਆਂ ਕਿਹਾ ਕੇ ਬਾਕੀ ਉਮੀਦਵਾਰ ਵੀ ਪੋਲਿੰਗ ਬੂਥ ਦੇ ਅੰਦਰ ਬੈਠ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਜਾਈਡਿੰਗ ਅਫ਼ਸਰ ਅਤੇ ਡੀ.ਐੱਸ.ਪੀ. ਅਮਰਗੜ੍ਹ ਸੰਜੀਵ ਕਪੂਰ ਨੇ ਕਿਹਾ ਕਿ ਕੋਈ ਵੀ ਉਮੀਦਵਾਰ ਆਪਣੇ ਫਾਰਮ ਭਰ ਕੇ ਖ਼ੁਦ ਆਪਣੇ ਪੋਲਿੰਗ ਬੂਥ 'ਚ ਪੋਲਿੰਗ ਏਜੰਟ ਬਣ ਸਕਦਾ | ਜਦੋਂ ਇਸ ਸਬੰਧੀ ਚੋਣ ਅਧਿਕਾਰੀ ਅਤੇ ਐਸ.ਡੀ.ਐਮ ਅਮਰਗੜ੍ਹ ਹਰਬੰਸ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਪੱਤਰਕਾਰਾਂ ਦਾ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ | ਉੱਧਰ ਗ਼ੁੱਸੇ 'ਚ ਆਏ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ | ਇਸ ਮੌਕੇ ਡੀ. ਐੱਸ.ਪੀ ਸਤੀਸ਼ ਕੁਮਾਰ, ਥਾਣਾ ਮੁਖੀ ਇੰਸਪੈਕਟਰ ਬਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀ ਮੌਜੂਦ ਰਹੇ |