ਸੰਗਰੂਰ, 27 ਮਈ (ਧੀਰਜ ਪਸੋਰੀਆ) - ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਜਿੱਥੇ ਸਾਉਣੀ ਦੇ ਸੀਜ਼ਨ ਵਿੱਚ 2,94,000 ਹੈਕਟੇਅਰ ਝੋਨੇ ਅਧੀਨ ਰਕਬੇ ਸਮੇਤ ਕੁੱਲ 3,14,000 ਹੈਕਟੇਅਰ ਰਕਬਾ ਕਾਸ਼ਤ ਹੇਠ ਹੋਵੇਗਾ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਦੋਨਾਂ ਜਿਲਿ੍ਹਆਂ ਲਈ 137000 ਮੀਟਰਕ ਟਨ ਯੂਰੀਆ ਖਾਦ ਦੀ ਡਿਮਾਂਡ ਭੇਜੀ ਗਈ ਹੈ ਵਿਖੇ ਲੋੜ ਦਾ 87% ਯੂਰੀਆ ਪਹੁੰਚ ਚੁੱਕਾ ਹੈ | ਖੇਤੀਬਾੜੀ ਅਫਸਰ ਡਾ. ਸ਼ਵਿੰਦਰ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਯੂਰੀਆ ਖਾਦ ਦੇ ਰੈਕ ਲਗਾਤਾਰ ਜਿਲਾ ਸੰਗਰੂਰ ਅਤੇ ਮਲੇਰਕੋਟਲਾ ਵਿੱਚ ਲੱਗ ਰਹੇ ਹਨ | ਹੁਣ ਤੱਕ ਦੋਨਾਂ ਜਿਲਿਆਂ ਵਿੱਚ 1,15,000 ਮੀਟਰ ਟਨ ਯੂਰੀਆ ਪਹੁੰਚ ਚੁੱਕਾ ਹੈ ਜੋ ਕੁੱਲ ਜਰੂਰਤ ਦਾ 87% ਬਣਦਾ ਹੈ | ਦੋ ਤਿੰਨ ਦਿਨਾਂ ਵਿੱਚ ਹੀ ਇਹ ਅੰਕੜਾ 1,20,000 ਮੀਟਰਕ ਟਨ ਤੱਕ ਪੁੱਜ ਜਾਵੇਗਾ | ਉਹਨਾਂ ਦੱਸਿਆ ਕਿ ਇਹ ਯੂਰੀਆ ਖਾਦ ਸਹਿਕਾਰੀ ਸੁਸਾਇਟੀਆਂ ਅਤੇ ਪ੍ਰਾਈਵੇਟ ਡੀਲਰਾਂ ਤੱਕ ਪਹੁੰਚ ਰਹੀ ਹੈ ਜਿੱਥੋਂ ਇਹ ਕਿਸਾਨਾਂ ਤੱਕ ਪਹੁੰਚੇਗੀ | ਅਗਸਤ ਤੱਕ ਜਰੂਰਤ ਮੁਤਾਬਿਕ ਸਾਰੀ ਯੂਰੀਆ ਖਾਦ ਦੋਨਾਂ ਜਿਲਿ੍ਹਆਂ 'ਚ ਪਹੁੰਚ ਜਾਵੇਗੀ | ਯੂਰੀਆ ਖਾਦ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ | ਉਹਨਾਂ ਕਿਹਾ ਕਿ ਕਿਸਾਨ ਅਫਵਾਹਾਂ ਤੋਂ ਸੁਚੇਤ ਰਹਿਣ | ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਗੁਲਜਾਰ ਸਿੰਘ ਬੋਬੀ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਜ਼ਿਲ੍ਹਾ ਪਰੀਸ਼ਦ ਸੰਗਰੂਰ ਦੇ ਚੇਅਰਮੈਨ ਰਛਪਾਲ ਸਿੰਘ ਭੁੱਲਰਹੇੜੀ,ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ, ਆਮ ਆਦਮੀ ਪਾਰਟੀ ਦੇ ਜੋਨਲ ਮੀਡੀਆ ਇੰਚਾਰਜ ਅਤੇ ਬੁਲਾਰੇ ਅਬਜਿੰਦਰ ਸਿੰਘ ਸੰਘਾ ਅਤੇ ਆਪ ਆਗੂ ਸੁਖਦੇਵ ਕੋਹਰੀਆਂ ਨੇ ਯੂਰੀਆ ਖਾਦ ਨੂੰ ਲੈ ਕੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ |