ਲਹਿਰਾਗਾਗਾ, 27 ਮਈ (ਅਸ਼ੋਕ ਗਰਗ) - ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੇ ਦੋ ਵਿਅਕਤੀਆਂ ਨੂੰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਥਾਣਾ ਸਦਰ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ, ਕਿ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸਬੰਧੀ ਬੱਸ ਅੱਡਾ ਪਿੰਡ ਲਦਾਲ ਮੌਜੂਦ ਸਨ | ਉਸ ਸਮੇਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕੁਲਵਿੰਦਰ ਸਿੰਘ ਉਰਫ਼ ਕਾਲੂ ਵਾਸੀ ਗਿਦੜਿਆਣੀ ਅਤੇ ਗੁਰਵਿੰਦਰ ਸਿੰਘ ਉਰਫ਼ ਲੂਦਰ ਵਾਸੀ ਰਾਮਗੜ੍ਹ ਸੰਧੂਆਂ ਪਾਬੰਦੀ ਸ਼ੁਦਾ ਕੈਪਸੂਲ ਵੇਚਣ ਦੇ ਆਦੀ ਹਨ | ਕੁਲਵਿੰਦਰ ਸਿੰਘ ਉਰਫ਼ ਕਾਲੂ ਅਤੇ ਗੁਰਵਿੰਦਰ ਸਿੰਘ ਓਰਫ ਲੂਦਰ ਅੱਜ ਭਾਰੀ ਮਾਤਰਾ ਵਿੱਚ ਨਸ਼ੀਲੇ ਕੈਪਸੂਲ ਵੇਚਣ ਲਈ ਕੁਲਵਿੰਦਰ ਸਿੰਘ ਕਾਲੂ ਦੇ ਮਕਾਨ ਪਿੰਡ ਗਿਦੜਿਆਣੀ ਵਿਖੇ ਰੱਖੇ ਹੋਏ ਹਨ | ਇਤਲਾਹ ਪੱਕੀ ਅਤੇ ਭਰੋਸੇਯੋਗ ਹੋਣ 'ਤੇ ਥਾਣਾ ਲਹਿਰਾ ਵਿਖੇ ਰੁਕਾ ਭੇਜ ਦੀਆ ਮੁਕੱਦਮਾ ਦਰਜ਼ ਰਜਿਸਟਰਡ ਕਰਵਾਇਆ ਗਿਆ | ਦੋਸ਼ੀ ਕੁਲਵਿੰਦਰ ਸਿੰਘ ਉਰਫ਼ ਕਾਲੂ ਦੇ ਘਰ ਰੇਡ ਕਰਕੇ ਦੋਵੇਂ ਦੋਸ਼ੀਆਂ ਨੂੰ ਕਾਬੂ ਕਰਦਿਆਂ ਉਨ੍ਹਾਂ ਦੇ ਕਬਜ਼ੇ ਵਿਚੋਂ 18915 ਨਸ਼ੀਲੇ ਕੈਪਸੂਲ ਬਰਾਮਦ ਕਰਵਾਏ ਗਏ | ਦੋਸ਼ੀਆਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਕਿਸੇ ਵੀ ਨਸ਼ਾ ਤਸਕਰਾਂ ਨੂੰ ਨਹੀਂ ਬਖ਼ਸ਼ੇਗੀ |