ਸੰਗਰੂਰ, 28 ਮਈ (ਧੀਰਜ ਪਸੌਰੀਆ) ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਸੰਗਰੂਰ ਅਤੇ ਧੂਰੀ ਵਿੱਚ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਅਖ਼ਤਿਆਰ ਕੀਤੇ ਰਵਈਏ ਦੀ ਆਪ ਆਗੂਆਂ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ | ਆਪ ਆਗੂਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ,ਆਮ ਆਦਮੀ ਪਾਰਟੀ ਦੇ ਮਾਲਵਾ ਜ਼ੋਨਲ ਮੀਡੀਆ ਇੰਚਾਰਜ ਅਤੇ ਬੁਲਾਰੇ ਅਬਜਿੰਦਰ ਸਿੰਘ ਸੰਘਾ ਅਤੇ ਆਪ ਆਗੂ ਸੁਖਦੇਵ ਕੋਹਰੀਆਂ ਨੇ ਕਿਹਾ ਕਿ ਚੋਣਾਂ ਦੌਰਾਨ ਜਦੋਂ ਪੁਲਿਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਸੀ, ਉਸ ਸਮੇਂ ਕੇਂਦਰੀ ਮੰਤਰੀ ਵੱਲੋਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ ਗਈ | ਕੇਂਦਰੀ ਏਜੰਸੀਆਂ ਦੇ ਨਾਂਅ ਤੇ ਖੁੱਲ੍ਹੀਆਂ ਧਮਕੀਆਂ ਦੇ ਕੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ | ਕੇਂਦਰੀ ਮੰਤਰੀ ਬਿੱਟੂ ਵੱਲੋਂ ਸੰਗਰੂਰ ਅਤੇ ਧੂਰੀ ਵਿੱਚ ਪੁਲਿਸ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ 'ਆਪ' ਆਗੂਆਂ ਨੇ ਕਿਹਾ ਕਿ ਬਿੱਟੂ 'ਤੇ ਸੱਤਾ ਦਾ ਹੰਕਾਰ ਸਿਰ ਚੜ ਕੇ ਬੋਲ ਰਿਹਾ ਹੈ, ਬਿੱਟੂ ਕੋਈ ਮੌਕਾ ਨਹੀਂ ਛੱਡਦੇ ਜਿੱਥੇ ਪੰਜਾਬ ਦੀ ਬਦਨਾਮੀ ਕਰਨੀ ਹੋਵੇ | ਸਿੱਧੂ ਨੇ ਕਿਹਾ ਕਿ ਇਹ ਉਹੀ ਬਿੱਟੂ ਹਨ ਜੋ ਕਿਸਾਨ ਅੰਦੋਲਨ ਦੌਰਾਨ ਬੀਜੇਪੀ ਨੂੰ ਪਾਣੀ ਪੀ ਪੀ ਕੇ ਕੋਸਦੇ ਸਨ | ਬੀਜੇਪੀ ਦੀ ਫ਼ਿਤਰਤ ਹੈ ਕਿ ਇਸ ਪਾਰਟੀ ਨੇ ਚੋਣਾਂ ਦੌਰਾਨ ਗੁੰਡਾਗਰਦੀ ਹੇਰਾਫੇਰੀ ਕਰਨ ਨੂੰ ਵਰਕਿੰਗ ਸਟਾਈਲ ਬਣਾ ਲਿਆ ਹੈ ਜਿਸ ਦੀ ਮਿਸਾਲ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਦੇਸ਼ ਨੇ ਵੇਖ ਲਈ ਹੈ ਪਰ ਪੰਜਾਬ ਦੇ ਲੋਕ ਇੱਥੇ ਭਾਜਪਾ ਦੀ ਧੱਕੇਸ਼ਾਹੀ ਨੂੰ ਨਹੀਂ ਚੱਲਣ ਦੇਣਗੇ |