ਐੱਸ.ਏ.ਐੱਸ. ਨਗਰ, 9 ਸਤੰਬਰ (ਕਪਿਲ ਵਧਵਾ)- ਮੁਹਾਲੀ ਦੇ ਸਨੇਟਾ ਇਲਾਕੇ ਵਿਚ ਅੱਜ ਪੁਲਿਸ ਅਤੇ ਫਿਰੌਤੀ ਦੀਆਂ ਵਾਰਦਾਤਾਂ ਵਿਚ ਕਥਿਤ ਤੌਰ ਤੇ ਸ਼ਾਮਲ ਇਕ ਸ਼ੂਟਰ ਦਰਮਿਆਨ ਹੋਏ ਮੁਕਾਬਲੇ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਗੁਰਦਿੱਤ ਸਿੰਘ ਵਾਸੀ ਤਰਨ ਤਾਰਨ ਜ਼ਖ਼ਮੀ ਹੋ ਗਿਆ। ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸੰਬੰਧੀ ਐੱਸ.ਐੱਸ.ਪੀ. ਮੁਹਾਲੀ ਵਰੁਣ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐੱਸ.ਪੀ. ਆਪ੍ਰੇਸ਼ਨ ਸੌਰਵ ਜਿੰਦਲ ਅਤੇ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਿਰੌਤੀ ਦੀਆਂ ਵਾਰਦਾਤਾਂ ਵਿਚ ਸ਼ਾਮਲ ਗੁਰਦਿੱਤ ਸਿੰਘ ਇਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਰਿਹਾ ਹੈ। ਇਸ ’ਤੇ ਪੁਲਿਸ ਪਾਰਟੀ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕੀਤਾ।ਐੱਸ.ਐੱਸ.ਪੀ. ਅਨੁਸਾਰ ਜਦੋਂ ਪੁਲਿਸ ਪਾਰਟੀ ਮੁਲਜ਼ਮ ਦੇ ਨੇੜੇ ਪਹੁੰਚੀ ਤਾਂ ਉਸ ਨੇ ਪੁਲਿਸ ’ਤੇ ਕਰੀਬ ਦੋ ਤੋਂ ਤਿੰਨ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਵਿਚੋਂ ਇਕ ਗੋਲੀ ਪੁਲਿਸ ਦੀ ਸਰਕਾਰੀ ਗੱਡੀ ਨੂੰ ਜਾ ਲੱਗੀ। ਪੁਲਿਸ ਵਲੋਂ ਜਵਾਬੀ ਕਾਰਵਾਈ ਕੀਤੀ ਗਈ, ਜਿਸ ਦੌਰਾਨ ਇਕ ਗੋਲੀ ਮੁਲਜ਼ਮ ਦੀ ਲੱਤ ਵਿਚ ਲੱਗ ਗਈ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ।ਪੁਲਿਸ ਨੇ ਮੌਕੇ ਤੋਂ ਮੁਲਜ਼ਮ ਵਲੋਂ ਵਰਤੀ ਜਾ ਰਹੀ ਇਕ ਆਲਟੋ ਟੈਕਸੀ, ਇਕ ਗਲੌਕ ਪਿਸਤੌਲ, ਦੋ ਜ਼ਿੰਦਾ ਕਾਰਤੂਸ ਅਤੇ ਦੋ 9 ਐੱਮ.ਐੱਮ. ਪਿਸਤੌਲ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਆਪਣੇ ਦੋ ਹੋਰ ਸਾਥੀਆਂ ਬਾਰੇ ਵੀ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਟੀਮਾਂ ਰਵਾਨਾ ਹੋ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਬੀਤੀ ਰਾਤ ਐੱਸ.ਐੱਸ.ਪੀ. ਮੁਹਾਲੀ ਵਰੁਣ ਸ਼ਰਮਾ ਨੇ ਸਪਸ਼ਟ ਕੀਤਾ ਸੀ ਕਿ ਅਪਰਾਧੀਆਂ ਵਲੋਂ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ, ਪੁਲਿਸ ਵਲੋਂ ਉਸੇ ਤਰ੍ਹਾਂ ਸਖ਼ਤੀ ਨਾਲ ਜਵਾਬ ਦਿੱਤਾ ਜਾਵੇਗਾ।
ਜਾਣਕਾਰੀ ਅਨੁਸਾਰ ਸੀ.ਆਈ.ਏ. ਟੀਮ ਨੂੰ ਇਕ ਜਾਣਕਾਰੀ ਮਿਲੀ ਸੀ ਕਿ ਇਕ ਦੋਸ਼ੀ ਤਰਨਤਾਰਨ ਤੋਂ ਮੋਹਾਲੀ ਵੱਲ ਆ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਹਰਕਤ ਵਿਚ ਆਏ ਅਤੇ ਦੋਸ਼ੀ ਦੀ ਭਾਲ ਵਿਚ ਕਾਰਵਾਈ ਸ਼ੁਰੂ ਕਰਦਿਆਂ ਉਨ੍ਹਾਂ ਵਲੋਂ ਇਕ ਆਲਟੋ ਕਾਰ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਗਿਆ, ਜੋ ਕਿ ਪੁਲਿਸ ਨੂੰ ਦੇਖ ਕੇ ਸਨੇਟਾ ਪਿੰਡ ਅੰਦਰ ਦਾਖਲ ਹੋਈ ਅਤੇ ਜਿਸ ਤਰ੍ਹਾਂ ਹੀ ਅੱਗੇ ਰਾਹ ਬੰਦ ਦੇਖਿਆ ਤਾਂ ਸਨੇਟਾ ਪਿੰਡ ਦੇ ਵਿਚ ਉਸ ਵਲੋਂ ਕਾਰ ਛੱਡ ਕੇ ਤੁਰੰਤ ਪੁਲਿਸ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੀ ਜਵਾਬੀ ਕਾਰਵਾਈ ਵਿਚ ਪੁਲਿਸ ਵਲੋਂ ਵੀ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਦੋਸ਼ੀ ਦੇ ਪੈਰ ਵਿਚ ਗੋਲੀਆਂ ਲੱਗੀਆਂ। ਇਸ ਸੰਬੰਧੀ ਐਸ.ਐਸ.ਪੀ. ਮੋਹਾਲੀ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਦੋਸ਼ੀ ਤੋਂ ਤਿੰਨ ਗਲੋਗ ਪਿਸਟਲ ਬਰਾਮਦ ਹੋਏ ਹਨ, ਜੋ ਕਿ ਸਰਹੱਦ ਪਾਰੋਂ ਆਏ ਹਨ।