ਸੁਨਾਮ ਊਧਮ ਸਿੰਘ ਵਾਲਾ, 28 ਮਈ (ਧਾਲੀਵਾਲ, ਭੁੱਲਰ) ਨਗਰ ਕੌਂਸਲ ਚੋਣਾ ਦੌਰਾਨ ਸੁਨਾਮ ਦੇ ਇਕ ਅਪਾਹਜ ਵਿਅਕਤੀ ਦੀ ਧੋਖੇ ਨਾਲ ਕਿਸੇ ਹੋਰ ਨੌਜਵਾਨ ਵਲੋਂ ਵੋਟ ਪਾਉਣ ਦੇ ਮਾਮਲੇ 'ਚ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਅੰਗਹੀਣਾਂ ਲਈ ਕੰਮ ਕਰਦੀ ਜਥੇਬੰਦੀ ਸੀ.ਐਫ.ਸੀ. ਦਾ ਇਕ ਵਫ਼ਦ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਕੁਮਾਰ ਗੋਇਲ ਦੀ ਅਗਵਾਈ ਹੇਠ ਸਹਾਇਕ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਓ. ਦਲਜੀਤ ਸਿੰਘ ਨੂੰ ਮਿਲਿਆ | ਇਸ ਸਮੇਂ ਏ.ਆਰ.ਓ. ਨੂੰ ਲਿਖਤੀ ਦਰਖਾਸਤ ਵੀ ਦਿੱਤੀ ਗਈ | ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਸੁਨਾਮ ਦੇ ਵਾਰਡ ਨੰਬਰ 8 ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਗੇਰਾ, ਜੋ ਕਿ ਸੌ ਪ੍ਰਤੀਸ਼ਤ ਸਰੀਰਕ ਤੌਰ 'ਤੇ ਅਪਾਹਜ ਹਨ, ਉਨ੍ਹਾਂ ਨਾਲ ਪੋਲਿੰਗ ਬੂਥ 'ਚ ਬਹੁਤ ਵੱਡੀ ਬੇਇਨਸਾਫ਼ੀ ਹੋਈ ਹੈ | ਰਾਜੇਸ਼ ਕੁਮਾਰ ਗੇਰਾ ਸੁਨਾਮ ਦੇ ਵਾਰਡ ਨੰਬਰ 8, ਬੂਥ ਨੰਬਰ 18, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਆਪਣੀ ਵੋਟ ਪਾਉਣ ਗਿਆ ਸੀ, ਜਿਸਦਾ ਵੋਟਰ ਨੰਬਰ 743 ਹੈ | ਰਜਿਸਟਰ ਅਤੇ ਬੈਲਟ ਪੇਪਰ 'ਤੇ ਆਪਣੇ ਦਸਤਖਤ ਕਰਵਾਉਣ ਅਤੇ ਆਪਣੀ ਉਂਗਲੀ 'ਤੇ ਸਿਆਹੀ ਲਗਾਉਣ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ, ਉਸਨੂੰ ਵੋਟ ਪਾਉਣ ਲਈ ਵੋਟ ਪਰਚੀ ਦਿੱਤੇ ਬਿਨਾਂ ਬੂਥ ਰੂਮ ਤੋਂ ਬਾਹਰ ਜਾਣ ਲਈ ਕਿਹਾ ਗਿਆ | ਪੀ.ਆਰ.ਓ. ਨੇ ਵੋਟ ਪਰਚੀ ਕਿਸੇ ਹੋਰ ਮੁੰਡੇ ਨੂੰ ਦੇ ਦਿੱਤੀ, ਜਿਸ ਨੇ ਵੋਟ ਪਰਚੀ ਬੈਲਟ ਬਾਕਸ ਵਿੱਚ ਪਾ ਦਿੱਤੀ ਅਤੇ ਭੱਜ ਗਿਆ | ਜਦੋਂ ਰਾਜੇਸ਼ ਕੁਮਾਰ ਗੇਰਾ ਅਜੇ ਵੀ ਖੁਦ ਵੋਟ ਪਾਉਣ ਲਈ ਜ਼ਿੱਦ ਕਰਨ ਲੱਗੇ, ਤਾਂ ਪੀ.ਆਰ.ਓ. ਨੇ ਸੁਰੱਖਿਆ ਪੁਲਿਸ ਨੂੰ ਬੁਲਾ ਕੇ ਕਿਹਾ ਕਿ ਉਹ ਸ੍ਰੀ ਗੇਰਾ ਨੂੰ ਉਸ ਟਰਾਈਸਾਈਕਲ ਨਾਲ ਕਮਰੇ 'ਚੋਂ ਬਾਹਰ ਕੱਢ ਦਿੱਤਾ | ਆਗੂਆਂ ਨੇ ਕਿਹਾ ਕਿ ਇਹ ਸਿੱਧੇ ਤੌਰ 'ਤੇ ਮੌਲਿਕ ਅਧਿਕਾਰ ਦੀ ਉਲੰਘਣਾ ਹੈ | ਇਸ ਪੱਤਰ ਰਾਹੀ ਆਗੂਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਕੇ ਜਿੰਮੇਵਾਰ ਸਬੰਧਤ ਅਧਿਕਾਰੀਆ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਕਤ ਪੋਲਿੰਗ ਬੂਥ 'ਤੇ ਮੁੜ ਚੋਣ ਕਰਵਾਈ ਜਾਵੇ | ਇਸ ਮੌਕੇ ਪ੍ਰਵੀਨ ਕੁਮਾਰ, ਮਾਸਟਰ ਅੰਤਰ ਸਿੰਘ ਆਨੰਦ ਆਦਿ ਆਗੂ ਮੌਜੂਦ ਸਨ |