ਸਹੁਰੇ ਪਰਿਵਾਰ ਵਲੋਂ ਵਿਆਹੁਤਾ ਦੀ ਕੁੱਟਮਾਰ
ਅਜੀਤ ਡੈਸਕ
01-06-2026
ਅਮਰਗੜ੍ਹ, 31 ਮਈ (ਜਤਿੰਦਰ ਮੰਨਵੀ)- ਪਿੰਡ ਅਬਾਸਪੁਰਾ ਵਿਖੇ ਇਕ ਵਿਆਹੁਤਾ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰਨ ਅਤੇ ਉਸ ਨੂੰ ਘਰੋਂ ਕੱਢਣ ਦੇ ਦੋਸ਼ਾਂ ਹੇਠ ਥਾਣਾ ਅਮਰਗੜ੍ਹ ਪੁਲਿਸ ਨੇ ਛੇ ਜਣਿਆਂ 'ਤੇ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਸਿਮਰਨ ਦੇਵੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਉਸ ਦਾ ਵਿਆਹ ਵਿੱਕੀ ਕੁਮਾਰ ਨਾਲ ਹੋਇਆ ਸੀ ਤੇ ਵਿਆਹ ਤੋਂ ਲਗਭਗ ਇਕ ਮਹੀਨੇ ਬਾਅਦ ਹੀ ਸਹੁਰਾ ਪਰਿਵਾਰ ਉਸ ਨਾਲ ਲੜਾਈ-ਝਗੜਾ ਕਰਨ ਲੱਗ ਪਿਆ | ਪੀੜਤਾਂ ਨੇ ਦੋਸ਼ ਲਗਾਇਆ ਕਿ ਸਹੁਰਾ ਪਰਿਵਾਰ ਉਸ ਦੇ ਪਤੀ ਵਿੱਕੀ ਕੁਮਾਰ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ ਤੇ ਇਸੇ ਰੰਜਿਸ਼ ਤਹਿਤ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ | ਇਸ ਤੋਂ ਬਾਅਦ ਉਸ ਦਾ ਦਿਉਰ ਰਾਹੁਲ ਕੁਮਾਰ, ਦਾਦੀ ਸੱਸ ਮੀਕੋ ਅਤੇ ਇਕ ਗੁਆਂਢੀ ਉਸ ਨੂੰ ਜ਼ਖ਼ਮੀ ਹਾਲਤ 'ਚ ਉਸ ਦੇ ਪੇਕੇ ਪਿੰਡ ਅਮਰਗੜ੍ਹ ਛੱਡ ਗਏ | ਪੀੜਤਾਂ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਉਸ ਨੰੂ ਤੁਰੰਤ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਅਮਰਗੜ੍ਹ ਵਿਖੇ ਦਾਖ਼ਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅਗਲੇ ਇਲਾਜ ਲਈ ਰੈਫ਼ਰ ਕਰ ਦਿੱਤਾ | ਸਿਮਰਨ ਦੇਵੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਉਸ ਦੇ ਪਤੀ ਵਿੱਕੀ ਕੁਮਾਰ, ਦਿਉਰ ਹੈਪੀ ਕੁਮਾਰ, ਸਹੁਰਾ ਅਸ਼ੋਕ ਕੁਮਾਰ, ਸੱਸ ਸਵਰਨ ਕੌਰ ਅਤੇ ਦਾਦੀ ਸੱਸ ਮੀਕੋ ਵਾਸੀ ਗੁੱਜਰਾਂ ਵਾਲਾ ਖੂਹ ਬਾਜ਼ੀਗਰ ਬਸਤੀ ਅਬਾਸਪੁਰਾ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ |