ਧੂਰੀ, 1 ਜੂਨ (ਲਖਵੀਰ ਸਿੰਘ ਧਾਂਦਰਾ) - ਬੀਤੇ ਦਿਨੀਂ ਸਿੱਖਿਆ ਮਹਿਕਮੇ ਵਿੱਚ 32 ਸਾਲਾਂ ਦੀ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ ਪੰਜਾਬੀ ਲੈਕਚਰਾਰ ਹਰਦੀਪ ਸਿੰਘ ਭੂਦਨ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਮਸਾ ਵਿਖੇ ਡਿਊਟੀ ਨਿਭਾ ਰਹੇ ਸਨ, ਦੇ ਸਨਮਾਨ ਵਿੱਚ ਸ਼ਾਨਦਾਰ ਵਿਦਾਇਗੀ ਸਮਾਰੋਹ ਸਕੂਲ ਪਿ੍ੰਸੀਪਲ ਮਨਮਿੰਦਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ | ਸਮਾਰੋਹ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਲੈਕਚਰਾਰ ਹਰਦੀਪ ਸਿੰਘ ਭੂਦਨ, ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ, ਬੇਟਾ ਰਵੀਦੀਪ ਸਿੰਘ, ਪਿ੍ੰਸੀਪਲ ਮਨਮਿੰਦਰ ਕੌਰ ਅਤੇ ਸਿਰਮੌਰ ਅਧਿਆਪਕ ਜਥੇਬੰਦੀ ਡੀ.ਟੀ.ਐਫ. ਦੇ ਸਾਬਕਾ ਸੂਬਾ ਸਕੱਤਰ ਬਲਵੀਰ ਲੌਂਗੋਵਾਲ ਸ਼ਾਮਿਲ ਹੋਏ | ਸ਼ੁਰੂਆਤ ਮੌਕੇ ਸੀਨੀਅਰ ਅਧਿਆਪਕ ਮਹਿੰਦਰ ਪਾਲ ਬਖ਼ਸ਼ੀ ਨੇ ਸਮੂਹ ਹਾਜ਼ਰ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦੀ ਸੰਖੇਪ ਜਾਣਕਾਰੀ ਸਾਂਝੀ ਕੀਤੀ | ਉਪਰੰਤ ਲੈਕਚਰਾਰ ਕੇਵਲ ਸਿੰਘ ਨੇ ਹਰਦੀਪ ਸਿੰਘ ਨਾਲ ਬਿਤਾਏ ਯਾਦਗਾਰੀ ਪਲਾਂ ਦੀਆਂ ਪਰਤਾਂ ਖੋਲ੍ਹੀਆਂ | ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾਈ ਆਗੂ ਅਤੇ ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਪ੍ਰਧਾਨ ਬਲਵੀਰ ਲੌਂਗੋਵਾਲ ਨੇ ਅੱਜ ਦੇ ਦੌਰ ਵਿੱਚ ਲੋਕਾਂ ਨੂੰ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਜੁੜ ਕੇ ਲਾਮਬੰਦੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਕਿਉਂਕਿ ਸਰਕਾਰ ਇੱਕ ਇੱਕ ਕਰਕੇ ਮੁਲਾਜ਼ਮਾਂ ਵੱਲੋਂ ਤਿੱਖੇ ਸੰਘਰਸ਼ਾਂ ਰਾਹੀਂ ਪ੍ਰਾਪਤ ਸਹੂਲਤਾਂ ਨੂੰ ਖੋਹਣ ਲਈ ਯਤਨਸ਼ੀਲ ਹੈ | ਇਸ ਮੌਕੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਰਜਿ ਧੂਰੀ ਦੇ ਪ੍ਰਧਾਨ ਸੁਖਦੇਵ ਸ਼ਰਮਾ ਨੇ ਹਰਦੀਪ ਸਿੰਘ ਭੂਦਨ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਸ਼ਬਦ ਚਿੱਤਰ ਰਾਹੀਂ ਆਪਣੇ ਭਾਵ ਸਾਂਝੇ ਕੀਤੇ | ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਬਲਾਕ ਪ੍ਰਧਾਨ ਗਗਨਦੀਪ ਨੇ ਹਰਦੀਪ ਸਿੰਘ ਵੱਲੋਂ ਜਥੇਬੰਦੀ ਵਿੱਚ ਰਹਿਣ ਮੌਕੇ ਹਰ ਸੰਘਰਸ਼ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਭਵਿੱਖ ਵਿੱਚ ਵੀ ਪੂਰਨ ਸਹਿਯੋਗ ਲਈ ਅਪੀਲ ਕੀਤੀ | ਇਸ ਮੌਕੇ ਸਮੂਹ ਸਟਾਫ਼ ਤੋਂ ਇਲਾਵਾ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ ਅਮਰਜੀਤ ਸਿੰਘ, ਪਿ੍ੰਸੀਪਲ ਸੁਰਜੀਤ ਸਿੰਘ, ਲੈਕਚਰਾਰ ਅਸ਼ਵਨੀ ਕੁਮਾਰ, ਬਲਵੰਤ ਸਿੰਘ, ਰਤਨ ਭੰਡਾਰੀ ਸਮੇਤ ਅਨੇਕਾਂ ਸ਼ਖ਼ਸੀਅਤਾਂ ਹਾਜ਼ਰ ਸਨ | ਸਟੇਜ ਦੀ ਡਿਊਟੀ ਮੈਡਮ ਅੰਮਿ੍ਤਪਾਲ ਕੌਰ ਪੰਜਾਬੀ ਮਿਸਟਰੈੱਸ ਨੇ ਬਾਖ਼ੂਬੀ ਨਿਭਾਈ |