ਮਲੇਰਕੋਟਲਾ, 2 ਜੂਨ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ, ਹਨੀਫ਼ ਥਿੰਦ) - ਮਾਲੇਰਕੋਟਲਾ ਪੁਲਿਸ ਵਲੋਂ ਵਪਾਰੀਆਂ ਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਸ਼ਹਿਰ ਮਲੇਰਕੋਟਲਾ ਦੀ ਟਰੇਡਿੰਗ ਯੂਨੀਅਨ ਅਤੇ ਇਲੈੱਕਟ੍ਰਾਨਿਕ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਐਸ.ਐਸ.ਪੀ. ਮਲੇਰਕੋਟਲਾ ਗੁਰਮੀਤ ਸਿੰਘ ਨੇ ਕੀਤੀ, ਜਿਸ ਦੌਰਾਨ ਵਪਾਰੀਆਂ ਵਲੋਂ ਦਰਪੇਸ਼ ਸਮੱਸਿਆਵਾਂ, ਸੁਝਾਵਾਂ ਅਤੇ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਚੇਅਰਪਰਸਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਮਲੇਰਕੋਟਲਾ ਆਜਮ ਦਾਰਾ, ਚੇਅਰਪਰਸਨ ਵਿਧਾਨ ਸਭਾ ਹਲਕਾ ਮਲੇਰਕੋਟਲਾ ਇਮਤਿਆਜ਼ ਅਲੀ, ਮੈਂਬਰ ਮੁਹੰਮਦ ਖਾਲਿਦ, ਯਾਸੀਨ ਜੋਸ਼, ਮੁਹੰਮਦ ਸ਼ਹਬਾਜ਼ ਮੁਹੰਮਦ ਜ਼ਾਹਿਦ, ਹੈਰਿਸ ਪਾਸੀ, ਮੁਹੰਮਦ ਸਾਦਿਕ, ਮੁਹੰਮਦ ਸੁਭਾਨ, ਡੀ.ਐਸ.ਪੀ. ਸੁਮਿਤ ਸੂਦ, ਐਸ.ਐਚ.ਓ ਸਿਟੀ-1 ਦਲਜੀਤ ਸਿੰਘ ਗਿੱਲ, ਹੈਪੀ ਗਰਗ, ਮਜੀਦ, ਸੁਰਿੰਦਰ ਸਿੰਘ,ਅਮਰੀਕ ਸਿੰਘ ਵੀ ਮੌਜੂਦ ਸਨ | ਐਸ.ਐਸ.ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਮਲੇਰਕੋਟਲਾ ਪੁਲਿਸ ਹਰ ਵਰਗ ਦੀ ਸਾਥੀ ਹੈ ਅਤੇ ਵਪਾਰੀਆਂ ਦੀ ਸੁਰੱਖਿਆ ਅਤੇ ਸੁਖਾਵੇਂ ਕਾਰੋਬਾਰੀ ਮਾਹੌਲ ਨੂੰ ਯਕੀਨੀ ਬਣਾਉਣਾ ਪੁਲਿਸ ਦੀ ਪ੍ਰਮੁੱਖ ਤਰਜੀਹ ਹੈ | ਉਨ੍ਹਾਂ ਸੰਬੰਧਿਤ ਅਧਿਕਾਰੀਆਂ ਨੂੰ ਵਪਾਰੀਆਂ ਵਲੋਂ ਉਠਾਏ ਗਏ ਮੁੱਦਿਆਂ 'ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ | ਐਸ.ਐਸ.ਪੀ. ਨੇ ਕਿਹਾ ਕਿ ਬਾਜ਼ਾਰਾਂ ਅਤੇ ਵਪਾਰਕ ਖੇਤਰਾਂ ਵਿੱਚ ਪੁਲਿਸ ਗਸ਼ਤ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ ਅਤੇ ਕਾਨੂੰਨ-ਵਿਵਸਥਾ ਨੂੰ ਹਰ ਹਾਲ ਵਿੱਚ ਕਾਇਮ ਰੱਖਿਆ ਜਾਵੇਗਾ | ਚੇਅਰਪਰਸਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਮਲੇਰਕੋਟਲਾ ਆਜ਼ਮ ਦਾਰਾ ਨੇ ਮਲੇਰਕੋਟਲਾ ਪੁਲਿਸ ਦੀ ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਪਾਰੀਆਂ ਅਤੇ ਪੁਲਿਸ ਵਿਚਕਾਰ ਮਜ਼ਬੂਤ ਤਾਲਮੇਲ ਹੀ ਸੁਰੱਖਿਅਤ ਅਤੇ ਵਿਕਾਸਸ਼ੀਲ ਵਪਾਰਕ ਮਾਹੌਲ ਦੀ ਬੁਨਿਆਦ ਹੈ | ਇਲੈੱਕਟ੍ਰਾਨਿਕ ਐਸੋਸੀਏਸ਼ਨ ਨੇ ਮਲੇਰਕੋਟਲਾ ਪੁਲਿਸ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਅਤੇ ਵਪਾਰੀਆਂ ਵਿਚਕਾਰ ਸਿੱਧੀ ਗੱਲਬਾਤ ਆਪਸੀ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰੇਗਾ |