ਸੰਗਰੂਰ, 12 ਜੁਲਾਈ (ਸੁਖਵਿੰਦਰ ਸਿੰਘ ਫੁੱਲ)- ਸੰਗਰੂਰ ਸ਼ਹਿਰ ਵਿੱਚ ਨਗਰ ਕੌਂਸਲ ਵੱਲੋਂ ਕੂੜੇ ਦੇ ਨਿਪਟਾਰੇ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੀ ਫੋਕੀ ਫੂਕ ਨਿਕਲਣਨਿਕਲ ਚੁੱਕੀ ਹੈ। ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ (ਐੱਨ.ਜੀ.ਟੀ.) ਵਿੱਚ ਚੱਲ ਰਹੇ ਕੇਸ (ਓ.ਐਕਟ ਨੰਬਰ 613/2025) ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਗਰ ਕੌਂਸਲ ਸੰਗਰੂਰ ਕੋਲ ਕੂੜਾ ਸੁੱਟਣ ਲਈ ਆਪਣੀ ਕੋਈ ਨਿਰਧਾਰਤ ਜ਼ਮੀਨ (ਲੈਂਡਫਿਲ ਸਾਈਟ) ਤੱਕ ਨਹੀਂ ਹੈ। ਉਭਾਵਾਲ ਰੋਡ ‘ਤੇ ਬਣਾਏ ਗਏ ਡੰਪ ‘ਤੇ ਸੰਗਰੂਰ ਸ਼ਹਿਰ ਦੇ ਡੰਪਾਂ ‘ਤੇ ਹਜ਼ਾਰਾਂ ਟਨ ਖ਼ਤਰਨਾਕ ਕੂੜਾ ਜਮ੍ਹਾਂ ਹੋ ਚੁੱਕਾ ਹੈ, ਜੋ ਸ਼ਹਿਰ ਨਿਵਾਸੀਆਂ ਦੀ ਸਿਹਤ ਲਈ ਵੱਡਾ ਖ਼ਤਰਾ ਬਣ ਗਿਆ ਹੈ।ਭਲਕੇ 13 ਜੁਲਾਈ (ਸੋਮਵਾਰ) ਨੂੰ ਇਸ ਸਬੰਧੀ ਮਾਨਯੋਗ ਅਦਾਲਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਵਿੱਚ ਅਹਿਮ ਪੇਸ਼ੀ (ਸੁਣਵਾਈ) ਹੋਣ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕੇਸ ਦੇ ਮੁੱਖ ਬਿਨੈਕਾਰ ਐਡਵੋਕੇਟ ਕਮਲ ਆਨੰਦ ਅਤੇ ‘ਪੀਪਲ ਐਕਸ਼ਨ ਫੋਰਸ’ ਦੇ ਪ੍ਰਮੁੱਖ ਸਮਾਜਿਕ ਕਾਰਕੁਨ ਜਤਿੰਦਰ ਕਾਲੜਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਭਲਕੇ ਅਦਾਲਤ ਵਿੱਚ ਸੰਗਰੂਰ ਦੇ ਲੋਕਾਂ ਦਾ ਪੱਖ ਪੂਰੀ ਮਜ਼ਬੂਤੀ ਨਾਲ ਰੱਖਣਗੇ ਅਤੇ ਨਗਰ ਕੌਂਸਲ ਸੰਗਰੂਰ ਦੀਆਂ ਨਾਕਾਮੀਆਂ ਅਤੇ ਵਾਤਾਵਰਣ ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਨੂੰ ਪੂਰੇ ਸਬੂਤਾਂ ਸਮੇਤ ਉਜਾਗਰ ਕਰਨਗੇ।ਬਿਨੈਕਾਰਾਂ ਅਤੇ ਸਮਾਜਿਕ ਕਾਰਕੁਨਾਂ ਦੇ ਮੁੱਖ ਬਿਆਨ:ਐਡਵੋਕੇਟ ਕਮਲ ਆਨੰਦ ਨੇ ਪ੍ਰਸ਼ਾਸਨਿਕ ਅਣਗਹਿਲੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ:”ਨਗਰ ਕੌਂਸਲ ਅਤੇ ਸਥਾਨਕ ਸਰਕਾਰਾਂ ਵਿਭਾਗ ਸਿਰਫ਼ ਕਾਗਜ਼ੀ ਕਾਰਵਾਈਆਂ। ਜ਼ਮੀਨੀ ਹਕੀਕਤ ਇਹ ਹੈ ਕਿ ਸ਼ਹਿਰ ਦੇ ਕੰਪੋਸਟ ਪਿੱਟਸ (ਖਾਦ ਦੇ ਟੋਏ) ਪੂਰੀ ਤਰ੍ਹਾਂ ਬੰਦ ਪਏ ਹਨ ਅਤੇ ਅਧਿਕਾਰੀਆਂ ਨੇ ਸਿਰਫ਼ ਰਿਕਾਰਡ ਮੈਨੇਜ ਕੀਤੇ ਹੋਏ ਹਨ। ਅਸੀਂ ਭਲਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਦੇ ਸਾਹਮਣੇ ਸਾਰੀਆਂ ਤਸਵੀਰਾਂ ਅਤੇ ਤੱਥ ਰੱਖ ਕੇ ਨਗਰ ਕੌਂਸਲ ਦੀ ਜਵਾਬਦੇਹੀ ਤੈਅ ਕਰਵਾਵਾਂਗੇ।” ਸਮਾਜਿਕ ਕਾਰਕੁਨ ਜਤਿੰਦਰ ਕਾਲੜਾ ਨੇ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ:”ਸੰਗਰੂਰ ਸ਼ਹਿਰ ਦੀਆਂ ਸੜਕਾਂ ‘ਤੇ ਅਣ-ਛਾਂਟਿਆ ਕੂੜਾ ਖਿਲਰਿਆ ਪਿਆ ਹੈ, ਜਿਸ ਕਾਰਨ ਅਵਾਰਾ ਪਸ਼ੂਆਂ ਦੇ ਝੁੰਡ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਤੋਂ ਵੀ ਵੱਧ ਸ਼ਰਮਨਾਕ ਗੱਲ ਇਹ ਹੈ ਕਿ ਹਸਪਤਾਲਾਂ ਦਾ ਜ਼ਹਿਰੀਲਾ ਬਾਇਓ-ਮੈਡੀਕਲ ਕੂੜਾ ਆਮ ਕੂੜੇ ਵਿੱਚ ਮਿਲਾਇਆ ਜਾ ਰਿਹਾ ਹੈ ਅਤੇ ਜਨਤਕ ਥਾਵਾਂ ‘ਤੇ ਸ਼ਰੇਆਮ ਕੂੜਾ ਸਾੜਿਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦਾ ਸਾਹ ਲੈਣਾ ਦੁਭਰ ਹੋ ਗਿਆ ਹੈ। ਅਸੀਂ ਸੰਗਰੂਰ ਨੂੰ ਇਸ ਨਰਕ ਭਰੀ ਸਥਿਤੀ ਵਿੱਚੋਂ ਕੱਢਣ ਲਈ ਅਦਾਲਤ ਤੋਂ ਇੱਕ ਸਮਾਂਬੱਧ ਅਤੇ ਵਿਗਿਆਨਕ ਹੱਲ ਦੀ ਮੰਗ ਕਰਾਂਗੇ।” ਅਦਾਲਤ ਵਿੱਚ ਪੇਸ਼ ਕੀਤੇ ਗਏ ਮੁੱਖ ਤੱਥ:ਕੂੜੇ ਦੀ ਛਾਂਟੀ ਵਿੱਚ ਕੌਂਸਲ ਪੂਰੀ ਤਰ੍ਹਾਂ ਫੇਲ੍ਹ: ਸ਼ਹਿਰ ਵਿੱਚ ਜ਼ਮੀਨੀ ਪੱਧਰ ‘ਤੇ ਕੂੜੇ ਨੂੰ ਵੱਖ-ਵੱਖ (ਸੁੱਕਾ ਤੇ ਗਿੱਲਾ) ਕਰਨ ਦਾ ਕੋਈ ਕੰਮ ਨਹੀਂ ਹੋ ਰਿਹਾ। ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਅਣ-ਛਾਂਟੇ ਕੂੜੇ ਦੇ ਢੇਰ ਲੱਗੇ ਹੋਏ ਹਨ।ਨਹਿਰਾਂ ਅਤੇ ਨਾਲਿਆਂ ਵਿੱਚ ਗੈਰ-ਵਿਗਿਆਨਕ ਡੰਪਿੰਗ: ਨਗਰ ਕੌਂਸਲ ਵੱਲੋਂ ਠੋਸ ਕੂੜੇ ਨੂੰ ਸੰਗਰੂਰ ਦੀਆਂ ਨਹਿਰਾਂ ਅਤੇ ਕੁਦਰਤੀ ਨਾਲਿਆਂ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਪਾਣੀ ਦੇ ਕੁਦਰਤੀ ਸਰੋਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਰਹੇ ਹਨ।ਜਵਾਬਦੇਹੀ ਤੋਂ ਭੱਜ ਰਿਹਾ ਸਥਾਨਕ ਸਰਕਾਰਾਂ ਵਿਭਾਗ: ਸਥਾਨਕ ਸਰਕਾਰਾਂ ਵਿਭਾਗ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਸਾਰਾ ਦੋਸ਼ ਨਗਰ ਕੌਂਸਲ ਸਿਰ ਮੜ੍ਹ ਕੇ ਪੱਲਾ ਝਾੜ ਰਿਹਾ ਹੈ।