ਖਨੌਰੀ, 12 ਜੁਲਾਈ (ਬਲਵਿੰਦਰ ਸਿੰਘ ਥਿੰਦ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਮੂਨਕ ਦੀ ਮੀਟਿੰਗ ਬਲਾਕ ਪ੍ਰਧਾਨ ਅਮਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਮੰਡਵੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਜਿਸ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਆਗੂ ਰਾਜ ਸਿੰਘ ਥੇੜ੍ਹੀ ਅਤੇ ਸੁਖਦੇਵ ਸ਼ਰਮਾ ਭੂਟਾਲ ਖੁਰਦ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਬੁਲਾਰਿਆਂ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਵਲੋਂ ਅਮਰੀਕੀ ਸਰਕਾਰ ਨਾਲ ਕੀਤੇ ਗਏ ਕਰ-ਮੁਕਤ ਸਮਝੌਤੇ ਦੇਸ਼ ਦੀ ਕਿਸਾਨੀ, ਛੋਟੇ ਵਪਾਰੀਆਂ ਅਤੇ ਮਜ਼ਦੂਰਾਂ ਲਈ ਘਾਤਕ ਸਾਬਤ ਹੋਣਗੇ। ਜਿਸ ਦੇ ਵਿਰੋਧ ਵਜੋਂ ਸਾਰੇ ਦੇਸ਼ ਦੀਆਂ ਬਹੁਤਾਤ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵਕ ਜਥੇਬੰਦੀਆਂ ਵਲੋਂ ਸਾਂਝੇ ਬਣਾਏ ਗਏ ਫਰੰਟ ਦੇਸ਼ ਬਚਾਓ ਮੋਰਚੇ ਦੇ ਸੱਦੇ ਤਹਿਤ ਆਉਣ ਵਾਲੀ 15 ਜੁਲਾਈ ਨੂੰ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਪਿੰਡ ਪਿੰਡ ਮੋਟਰਸਾਈਕਲ ਮਾਰਚ ਕਰਕੇ ਬਲਾਕ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ ਜਾਵੇਗਾ ਅਤੇ 21 ਜੁਲਾਈ ਨੂੰ ਦਿੱਲੀ ਦੇ ਕਿਸਾਨ-ਘਾਟ ਵਿਖੇ ਇੱਕ ਦਿਨ ਦਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕੇਂਦਰ ਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਬਣਾਉਣੀਆਂ ਬੰਦ ਕਰੇ ਨਹੀਂ ਤਾਂ ਦੇਸ਼ ਪੱਧਰ ਤੇ ਵੱਡੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਮੁੜ ਤੋਂ ਲੈਂਡ ਪੁਲਿੰਗ ਨੀਤੀ ਲਾਗੂ ਕਰਨ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਵਲੋਂ ਇਹ ਕਾਨੂੰਨ ਵਾਪਸ ਨਾ ਲਿਆ ਗਿਆ ਅਤੇ ਕਿਸਾਨਾਂ ਦੀ ਜ਼ਮੀਨ ਜਬਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਸਰਕਾਰ ਦਾ ਪਿੰਡਾਂ ਵਿੱਚ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਇਕਾਈ ਪ੍ਰਧਾਨ ਜਸਬੀਰ ਸਿੰਘ ਥੇੜ੍ਹੀ, ਟਹਿਲ ਸਿੰਘ ਮੰਡਵੀ, ਵਿਸਾਖੀ ਸਿੰਘ ਕੜੈਲ, ਹਰਦਿਆਲ ਸਿੰਘ ਬੱਲਰਾਂ, ਬਿੰਦਰ ਸਿੰਘ ਭੂਟਾਲ ਆਦਿ ਹਾਜ਼ਰ ਸਨ।