ਸੰਗਰੂਰ, 14 ਜੁਲਾਈ (ਅਮਨਦੀਪ ਸਿੰਘ ਬਿੱਟਾ) – ਸਿਵਲ ਹਸਪਤਾਲ ਸੰਗਰੂਰ ਦੇ ਬਾਹਰ ਸਥਿਤ ਦੁਕਾਨਦਾਰਾ, ਸੰਗਰੂਰ ਫਾਰਮੇਸ਼ੀ ਐਸੋਸੀਏਸਨ ਅਤੇ ਸਮਾਜ ਸੇਵੀ ਆਗੂਆਂ ਵੱਲੋਂ ਹਸਪਤਾਲ ਦੀ ਚਾਰਦਿਵਾਰੀ ਨਾਲ ਲੱਗੇ ਕੂੜੇ ਦੇ ਢੇਰਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਖਿਲਾਫ ਰੋਸ ਪ੍ਰਦਸ਼ਨ ਕੀਤਾ ਗਿਆ। ਚੀਫ ਫਾਰਮਾਸਿਸਟ (ਰਿਟਾਇਰਡ) ਅਮ੍ਰਿਤ ਗਰਗ, ਸੰਜੇ ਬਾਂਸਲ, ਕਾਮਰੇਡ ਕੁਲਦੀਪ ਕੁਮਾਰ, ਰਣਬੀਰ ਕੁਮਾਰ, ਪਵਨ ਕੁਮਾਰ ਕਾਂਸਲ ਅਤੇ ਜੌਨੀ ਆਦਿ ਵੱਲੋਂ ਰੋਸ ਜਤਾਉਂਦਿਆ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਇਸ ਇਲਾਕੇ ਵਿੱਚ ਸਫਾਈ ਦਾ ਕੋਈ ਵੀ ਪ੍ਰਬੰਧ ਨਹੀ ਕੀਤਾ ਗਿਆ ਹੈ। ਹਲਕਾ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਦੇ ਪੋਸਟਰ ਵਾਲੀ ਤਖਤੀਆ ਜਿਨ੍ਹਾਂ ਉੱਪਰ ਲਿਖਿਆ ਹੋਇਆ ਸੀ ਕਿ ਝਾੜੂ ਕਿੱਥੇ ਹੈ? ਨੂੰ ਹੱਥਾਂ ਵਿੱਚ ਫੜੀ ਪ੍ਰਦਸ਼ਨਕਾਰੀ ਮੰਗ ਕਰ ਰਹੇ ਸਨ ਕਿ ਇਸ ਗੰਦਗੀ ਨੂੰ ਤੁਰੰਤ ਸਾਫ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਮੁੱਖ ਗੇਟ ਰਾਹੀ ਐਬੂਲੈਸਾਂ ਲੰਘਦੀਆਂ ਹਨ ਅਤੇ ਇੱਥੇ ਕ੍ਰਿਟੀਕਲ ਕੇਅਰ ਯੂਨਿਟ ਵੀ ਹਨ ਪਰ ਬਾਹਰ ਗੰਦਗੀ ਦੇ ਢੇਰ ਲੱਗੇ ਪਏ ਹਨ। ਅਮ੍ਰਿਤ ਗਰਗ ਅਤੇ ਸੰਜੇ ਬਾਂਸਲ ਨੇ ਕਿਹਾ ਕਿ ਇਸ ਸੜਕ ਤੋਂ ਰੋਜਾਨਾ ਅਨੇਕਾਂ ਮਰੀਜ਼ ਜਿਨ੍ਹਾਂ ਵਿੱਚ ਗਰਭਵਤੀ ਔਰਤਾ, ਨਵ ਜਨਮੇ ਬੱਚੇ ਵੀ ਲੰਘਦੇ ਹਨ ਅਤੇ ਗੰਦਗੀ ਕਾਰਨ ਪੈਦਾ ਹੋ ਰਿਹਾ ਮੱਛਰ ਹਸਪਤਾਲ ਦੇ ਅੰਦਰ ਦਾਖਲ ਹੋ ਰਿਹਾ ਹੈ ਜੋ ਬਿਮਾਰੀਆਂ ਵਿੱਚ ਹੋਰ ਵਾਧਾ ਕਰਨ ਲਈ ਸਹਾਈ ਹੁੰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਵਿਧਾਇਕ ਨੂੰ ਸਵਾਲ ਕੀਤਾ ਕਿ ਸਫਾਈ ਨੂੰ ਲੈ ਕੇ ਉਹ ਗੰਭੀਰ ਕਿਉਂ ਨਹੀਂ ਹਨ। ਇੱਥੇ ਇਹ ਜਿਕਰਯੋਗ ਹੈ ਕਿ ਕਿੱਥੇ ਝਾੜੂ ਵਾਲੀਆਂ ਤਖਤੀਆਂ ਲੈ ਕੇ ਬੀਤੇ ਦਿਨੀਂ ਕਾਂਗਰਸ ਪਾਰਟੀ ਨੇ ਵੀ ਰੋਸ ਪ੍ਰਦਸ਼ਨ ਕੀਤਾ ਸੀ ਅਤੇ ਅੱਜ ਦੁਕਾਨਦਾਰ ਅਤੇ ਸਮਾਜ ਸੇਵੀਆਂ ਨੇ ਵੀ ਮੋਰਚਾ ਖੋਲ ਦਿੱਤਾ ਹੈ। ਉਪਰੋਕਤ ਆਗੂਆਂ ਨੇ ਇਹ ਵੀ ਕਿਹਾ ਕਿ ਜੇ ਹਸਪਤਾਲ ਦੇ ਬਾਹਰ ਗੰਦਗੀ ਤੁਰੰਤ ਸਾਫ ਨਾ ਕਰਵਾਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।