ਲੌਂਗੋਵਾਲ 15 ਜੁਲਾਈ (ਵਿਨੋਦ, ਸ. ਖੰਨਾ) - ਅੱਜ ਕਿਰਤੀ ਕਿਸਾਨ ਯੂਨੀਅਨ ਦੀ ਸੀਨੀਅਰ ਲੀਡਰਸ਼ਿਪ ਨੇ ਸਥਾਨਕ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਵਿਖੇ ਹੋਈ ਮੀਟਿੰਗ ਦੌਰਾਨ ਲੌਂਗੋਵਾਲ ਵਿਖੇ ਪਿਛਲੇ ਲੰਮੇ ਅਰਸੇ ਤੋਂ ਚੱਲ ਰਹੇ ਨਕਲੀ ਕੀਟਨਾਸ਼ਕ ਦਵਾਈਆਂ ਦੇ ਧੰਦੇ ਦੀ ਮੁਕੰਮਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਮੀਟਿੰਗ ਵਿੱਚ ਵਿਚਾਰ ਕੀਤਾ ਗਿਆ ਕਿ ਜੋ 26 ਜੂਨ ਨੂੰ ਲੌਂਗੋਵਾਲ ਵਿਖੇ ਕਈ ਪੈਸਟੀਸਾਈਡ ਦੀਆਂ ਦੁਕਾਨਾਂ ਉਤੇ ਖੇਤੀਬਾੜੀ ਵਿਭਾਗ ਦੀਆਂ ਚੰਡੀਗੜ੍ਹ ਤੋਂ ਆਈਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਅਤੇ 22 ਸੈਂਪਲ ਭਰੇ ਗਏ ਸਨ ਜਿਨਾਂ ਵਿੱਚੋਂ 18 ਸੈਂਪਲ ਕੀਟਨਾਸ਼ਕ, ਨਦੀਨਨਾਸਕ ਅਤੇ ਖਾਦਾਂ ਦੇ ਫੇਲ ਹੋ ਜਾਣ ਦਾ ਅਤੇ ਅਣ ਅਧਿਕਾਰਤ ਗੁਦਾਮ ਦਾਅਵਾ ਵਿਭਾਗ ਵਲੋਂ ਕੀਤਾ ਗਿਆ ਸੀ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਵਿਭਾਗ ਵੱਲੋਂ 2 ਜੁਲਾਈ ਨੂੰ ਪੁਲਿਸ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਲਿਖਿਆ ਸੀ। ਅੱਜ ਤੱਕ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਈ। ਉਹਨਾਂ ਦੱਸਿਆ ਕਿ ਲੌਂਗੋਵਾਲ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਅਤੇ ਹਰਿਆਣੇ ਦੇ ਕੁਝ ਸ਼ਹਿਰਾਂ ਵਿੱਚ ਕੈਸ਼ ਕਾਂਉਟਰਾਂ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ। ਜਿੱਥੇ ਕਿਸਾਨਾਂ ਨੂੰ ਨਾਮੀ ਕੰਪਨੀਆਂ ਦੀਆਂ ਦਵਾਈਆਂ ਦੇ ਨਾਲ ਮਿਲਦੀਆਂ ਜੁਲਦੀਆਂ ਦਵਾਈਆਂ ਘੱਟ ਰੇਟ ਤੇ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ। ਪਰ ਅਸਲ ਵਿੱਚ ਲੋੜੀਂਦੇ ਤੱਤ ਉਨਾਂ ਦੀ ਪੈਕਿੰਗ ਉਤੇ ਲਿਖੇ ਮਾਪਦੰਡਾਂ ਤੋਂ ਕਿਤੇ ਘੱਟ ਮਾਤਰਾ ਵਿੱਚ ਹੁੰਦੇ ਹਨ। ਕਿਸਾਨ ਨੂੰ ਅਸਲੀ ਦਵਾਈ ਦੇ ਨਾਲ ਨਾਲ ਇਹ ਗੈਰ ਮਿਆਰੀ ਦਵਾਈਆਂ ਲਾ ਕੇ ਦੇ ਦਿੱਤੀਆਂ ਜਾਂਦੀਆਂ ਹਨ।ਜਿਸ ਕਾਰਨ ਕਿਸਾਨ ਇਹਨਾਂ ਦੀ ਇਹ ਚਲਾਕੀ ਫੜ ਨਹੀਂ ਪਾਉਂਦੇ ਅਤੇ ਉਹ ਦਵਾਈ ਦੇ ਠੀਕ ਢੰਗ ਨਾਲ ਨਾ ਕੰਮ ਕਰਨ ਦੇ ਹੋਰ ਕਾਰਨ ਲੱਭਦੇ ਰਹਿੰਦੇ ਹਨ। ਆਗੂ ਨੇ ਦੱਸਿਆ ਕਿ ਇਹ ਬਹੁਤ ਵੱਡਾ ਸਕੈਂਡਲ ਹੈ ਇਸ ਵਿੱਚ ਉਕਤ ਦਵਾਈਆਂ ਵੇਚਣ ਵਾਲੇ ਡੀਲਰਾਂ ਦੇ ਨਾਲ ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਕਈ ਕੰਪਨੀਆਂ ਵੀ ਮਿਲੀਆਂ ਹੋਈਆਂ ਹਨ। ਇਸ ਸਕੈਂਡਲ ਦੇ ਤਾਰ ਮੋਗਾ, ਬਰਨਾਲਾ, ਸਮਾਣਾ, ਬਧਨੀ ਕਲਾਂ ਸਮੇਤ ਹੋਰ ਕਈ ਜਿਲ੍ਹਿਆਂ ਤੱਕ ਜੁੜੇ ਹੋ ਸਕਦੇ ਹਨ। ਅੱਜ ਦੀ ਮੀਟਿੰਗ ਵਿੱਚ ਇਹੀ ਮੰਗ ਕੀਤੀ ਗਈ ਹੈ ਕਿ ਸਰਕਾਰ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਵਾਏ ਜਿਸ ਤੋਂ ਪੂਰੀ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ। ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਪੰਜਾਬ ਦੀ ਖੇਤੀ ਪਹਿਲਾਂ ਹੀ ਘਾਟੇ ਵਿੱਚ ਹੈ। ਗੈਰ ਮਿਆਰੀ ਦਵਾਈਆਂ ਅਤੇ ਬੀਜਾਂ ਕਾਰਨ ਕਿਸਾਨਾਂ ਨੂੰ ਹੋਰ ਵੀ ਵੱਡਾ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਜਲਦ ਹੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਅਤੇ ਕੋਈ ਉੱਚ ਪੱਧਰੀ ਪੜਤਾਲ ਨਾ ਕਰਵਾਈ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਸ ਮਾਮਲੇ ਤੇ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਸੰਘਰਸ਼ ਵਿੱਢਿਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਆਗੂਆਂ ਨੇ ਸਫਾਈ ਕਾਮਿਆਂ ਦੀ ਚੱਲ ਰਹੀ ਹੜਤਾਲ ਨਾਲ ਵੀ ਇੱਕਮੁੱਠਤਾ ਪ੍ਰਗਟ ਕੀਤੀ ਅਤੇ ਸਰਕਾਰ ਵੱਲੋਂ ਹੜਤਾਲ ਤੋੜਨ ਲਈ ਸਫਾਈ ਕਾਮਿਆਂ ਨੂੰ ਨੋਟਸ ਕੱਢਣ ਅਤੇ ਧਮਕਾਉਣ ਦੀ ਨਿਖੇਧੀ ਕਰਦਿਆਂ ਸੰਘਰਸ਼ ਦੀ ਹਮਾਇਤ ਕੀਤੀ। ਇਸ ਮੀਟਿੰਗ ਵਿੱਚ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਜ਼ਿਲ੍ਹਾ ਆਗੂ ਅਵਤਾਰ ਸਿੰਘ ਸਾਹੋਕੇ, ਬਲਿਹਾਰ ਸਿੰਘ ਰੱਤੋਕੇ, ਸੁਲਤਾਨ ਸਿੰਘ ਰੱਤੋਕੇ, ਹਰਦੇਵ ਸਿੰਘ ਦੁਲਟ, ਨਿੱਕਾ ਸਿੰਘ,ਦਰਸ਼ਨ ਸਿੰਘ ਅਤੇ ਮੱਘਰ ਸਿੰਘ ਗਿੱਲ ਹਾਜ਼ਰ ਸਨ।