ਸ਼ੇਰਪੁਰ, 15 ਜੁਲਾਈ (ਦਰਸ਼ਨ ਸਿੰਘ ਖੇੜੀ) - ਅੱਜ ਕੱਲ੍ਹ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਇਹ ਗੱਲ ਢੁਕਵੀਂ ਹੈ ਕਿ ਸਿੱਖ ਕੌਮ ਅੱਜ ਔਖੀਆਂ ਘਾਟੀਆਂ ਨੂੰ ਪਾਰ ਕਰਨ ਲਈ ਮੁਸ਼ਕਲ ਪੈਂਡਿਆਂ ਵਿਚੋਂ ਗੁਜ਼ਰ ਰਹੀ ਹੈ ਪਰੰਤੂ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਇਨ੍ਹਾਂ ਔਖੇ ਮੌਕਿਆਂ ‘ਤੇ ਜਿੱਤ ਪ੍ਰਪਤੀ ਲਈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਂ ਸਮੇਂ ਸਿਰ ਆਈਆਂ ਕਠਨਾਈਆਂ ਨੂੰ ਹੱਲ ਕਰਨ ਲਈ ਬਹੁਤ ਹੀ ਦੂਰਅੰਦੇਸ਼ੀ ਸੋਚ ਅਪਣਾਉਣ ਸਦਕਾ ਪੂਰੇ ਤਹੱਮਲ ਨਾਲ ਕੌਮ ਨੂੰ ਕੌਮੀ ਸੇਧ ਦੇ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਗ੍ਰਹਿ ਵਿਖੇ ਅਜੀਤ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ‘ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ ‘ ਇਸ ਸੰਕਲਪ ਤੇ ਸਚਾਈ ਨੂੰ ਮੁੱਖ ਰੱਖਦਿਆਂ ਸਾਰੇ ਸੰਸਾਰ ਵਿਚ ਵੱਸਦੇ ਸਿੱਖ ਭਾਈਚਾਰੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਰਹਿਨੁਮਾਈ ਨੂੰ ਕਬੂਲ ਕਰਕੇ ਇਕ ਕੇਸਰੀ ਨਿਸ਼ਾਨ ਦੇ ਝੰਡੇ ਹੇਠ ਇੱਕਠੇ ਹੋ ਕੇ ਹੱਕ ਸੱਚ ਅਤੇ ਇਨਸਾਫ ਲਈ ਨਿੱਗਰ ਅਵਾਜ਼ ਬੁਲੰਦ ਕਰਨੀ ਚਾਹੀਂਦੀ ਹੈ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਆਗੂ ਰਣਜੀਤ ਸਿੰਘ ਰੰਧਾਵਾ ਹਲਕਾ ਇੰਚਾਰਜ ਧੂਰੀ, ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ, ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੰਡੇਵਾਲ ਯੂ ਐਸ ਏ, ਸ਼ੇਰ ਸਿੰਘ ਬਾਲੇਵਾਲ ਸਾਬਕਾ ਡੀਈਓ, ਨਿਰਭੈ ਸਿੰਘ ਹੇੜੀਕੇ ਅਤੇ ਸਰਪੰਚ ਸਰਬਜੀਤ ਸਿੰਘ ਕਾਤਰੋਂ ਵੀ ਮੌਜੂਦ ਸਨ।