ਸੰਗਰੂਰ, 21 ਜੁਲਾਈ (ਦਮਨਜੀਤ ਸਿੰਘ) – ਸਫ਼ਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜ੍ਹਤਾਲ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸ਼ਹਿਰ ਸੰਗਰੂਰ ਵਿੱਚ ਲੱਗੇ ਕੂੜੇ ਦੇ ਡੰਪ ਹਟਾਏ ਜਾਣ ਸੰਬੰਧੀ ਦਿੱਤੇ ਗਏ ਹੁਕਮਾਂ ਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਸਰਕਾਰੀ ਰਣਬੀਰ ਕਾਲਜ ਨੇੜਿਓ ਕੂੜੇ ਦੇ ਵੱਡੇ ਡੰਪ ਨੂੰ ਚੁਕਵਾਉਣ ਸਮੇਂ ਸਥਿਤੀ ਅੱਜ ਫੇਰ ਉਸ ਸਮੇਂ ਤਣਾਅਪੂਰਨ ਬਣ ਗਈ ਜਦ ਡੰਪ ਨੂੰ ਚੁੱਕਣ ਦਾ ਵਿਰੋਧ ਕਰਦਿਆਂ ਸਫ਼ਾਈ ਸੇਵਕ ਕਾਲਜ ਦੇ ਗੇਟ ਤੱਕ ਪਹੁੰਚ ਗਏ। ਪ੍ਰਸ਼ਾਸਨ ਵੱਲੋਂ ਸਫ਼ਾਈ ਸੇਵਕਾਂ ਨੂੰ ਸਮਝਾਏ ਜਾਣ ਉਪਰੰਤ ਸਫ਼ਾਈ ਸੇਵਕ ਯੂਨੀਅਨ ਨੇ ਮੌਕੇ ਉੱਤੇ ਹੀ ਕੀਤੀ ਆਪਣੀ ਮੀਟਿੰਗ ਦਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਨਾਲ ਸਹਿਮਤ ਹੁੰਦਿਆਂ ਅੱਜ ਆਖ਼ਰੀ ਵਾਰੀ ਇਸ ਡੰਪ ਨੂੰ ਚੁੱਕਣ ਦੀ ਇਜਾਜ਼ਤ ਦੇ ਰਹੇ ਹਨ ਪਰ ਜੇਕਰ ਇਸ ਤੋਂ ਬਾਅਦ ਸਿਵਲ ਜਾਂ ਪੁਲਿਸ ਪ੍ਰਸ਼ਾਸਨ ਨੇ ਸ਼ਹਿਰ ਵਿੱਚੋਂ ਕਿਸੇ ਵੀ ਜਗ੍ਹਾ ਤੋਂ ਕੂੜਾ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਸਫ਼ਾਈ ਸੇਵਕ ਯੂਨੀਅਨ ਉਸ ਦਾ ਡਟਵਾ ਵਿਰੋਧ ਕਰੇਗੀ ਅਤੇ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਉਲੀਕਿਆਂ ਜਾ ਸਕਦਾ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਪੁਲਿਸ ਜਾਂ ਫਿਰ ਸੰਗਰੂਰ ਦੇ ਪ੍ਰਸ਼ਾਸਨ ਨਾਲ ਨਹੀਂ ਸਗੋਂ ਸਰਕਾਰ ਨਾਲ ਹੈ ਇਸ ਲਈ ਉਹ ਇਨ੍ਹਾਂ ਅਧਿਕਾਰੀਆਂ ਨਾਲ ਤਕਰਾਰ ਵਿੱਚ ਨਹੀਂ ਪੈਣਾ ਚਾਹੁੰਦੇ ਪਰ ਜੇਕਰ ਇਸ ਤੋਂ ਬਾਅਦ ਕੂੜਾ ਚੁਕਵਾਇਆ ਗਿਆ ਤਾਂ ਉਹ ਪੁਲਿਸ ਦੀਆਂ ਡਾਗਾਂ ਖਾਣ ਲਈ ਵੀ ਤਿਆਰ ਹਨ ਅਤੇ ਆਪਣੀ ਹੜ੍ਹਤਾਲ ਨੂੰ ਕਾਮਯਾਬ ਕਰਨ ਲਈ ਮਰਨ ਤੱਕ ਤਿਆਰ ਹਨ। ਯੂਨੀਅਨ ਪ੍ਰਧਾਨ ਅਜੇ ਬੇਦੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਸਫ਼ਾਈ ਸੇਵਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਫ਼ਾਈ ਸੇਵਕ ਆਪਣੇ ਬੱਚਿਆਂ ਸਮੇਤ ਸੜਕਾਂ ਉੱਤੇ ਉਤਰਣ ਲਈ ਮਜਬੂਰ ਹੋਣਗੇ। ਉੱਧਰ ਦੂਸਰੇ ਪਾਸੇ ਕੱਲ੍ਹ 22 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੂੜੇ ਦੇ ਨਿਪਟਾਰੇ ਸਬੰਧੀ ਮੁੜ ਸੁਣਵਾਈ ਹੋਣੀ ਹੈ ਜਿਸ ਨੂੰ ਲੈ ਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਪੱਭਾਭਾਰ ਦਿਖਾਈ ਦੇ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚੋਂ ਕੂੜਾ ਚੁਕਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਕੂੜਾ ਚੁੱਕਣ ਜਾ ਰਹੇ ਟਰੈਕਟਰ ਟਰਾਲੀ ਨੂੰ ਸਫ਼ਾਈ ਸੇਵਕਾਂ ਨੇ ਘੇਰਿਆ
ਸੰਗਰੂਰ: - ਸਰਕਾਰੀ ਰਣਬੀਰ ਕਾਲਜ ਦੇ ਨੇੜੇ ਲੱਗੇ ਕੂੜੇ ਦੇ ਡੰਪ ਤੋਂ ਕੂੜਾ ਚੁੱਕਣ ਲਈ ਜਾ ਰਹੀ ਟਰੈਕਟਰ ਟਰਾਲੀ ਨੂੰ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਜੇ ਬੇਦੀ ਨੇ ਆਪਣੇ ਸਾਥੀਆਂ ਸਮੇਤ ਘੇਰ ਲਿਆ ਅਤੇ ਟਰੈਕਟਰ ਦੇ ਟਾਇਰਾਂ ਦੀ ਹਵਾ ਤੱਕ ਕੱਢ ਦਿੱਤੀ। ਟਰੈਕਟਰ ਟਰਾਲੀ ਨੂੰ ਘੇਰੇ ਜਾਣ ਸੰਬੰਧੀ ਅਜੇ ਬੇਦੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਅੰਦਰ ਕੂੜੇ ਕਾਰਨ ਬਿਮਾਰੀ ਫੈਲਣ ਦਾ ਹਵਾਲਾ ਦਿੰਦਿਆਂ ਸਫ਼ਾਈ ਸੇਵਕ ਯੂਨੀਅਨ ਤੋਂ ਛੋਟੀ ਸਬਜ਼ੀ ਮੰਡੀ, ਸਿਵਲ ਹਸਪਤਾਲ ਅਤੇ ਸਰਕਾਰੀ ਰੈੱਸਟ ਹਾਊਸ ਨੇੜਿਓ ਕੂੜਾ ਚੁਕਵਾਉਣ ਸੰਬੰਧੀ ਸਹਿਮਤੀ ਮੰਗੀ ਗਈ ਸੀ ਜਿਸ ਨੂੰ ਯੂਨੀਅਨ ਵੱਲੋਂ ਲੋਕ-ਹਿਤ ਵਿੱਚ ਪ੍ਰਵਾਨ ਕਰ ਲਿਆ ਗਿਆ ਸੀ ਪਰ ਜਦ ਪ੍ਰਸ਼ਾਸਨ ਰਣਬੀਰ ਕਾਲਜ ਨੇੜਲੇ ਡੰਪ ਤੋਂ ਕੂੜਾ ਚੁੱਕਣ ਲਈ ਟਰੈਕਟਰ ਟਰਾਲੀ ਭੇਜ ਰਿਹਾ ਸੀ ਤਾਂ ਉਸ ਨੂੰ ਯੂਨੀਅਨ ਵੱਲੋਂ ਘੇਰ ਲਿਆ ਗਿਆ।
ਸ਼ਹਿਰ ’ਚੋਂ ਕੂੜਾ ਚੁੱਕਣ ਲਈ 8 ਟਰੈਕਟਰ ਟਰਾਲੀਆਂ, 2 ਲੋਡਰ ਅਤੇ ਜੇ.ਸੀ.ਬੀ. ਸਮੇਤ ਪੋਕ ਲਾਈਨ ਮਸ਼ੀਨ ਹੈ ਕਾਰਜ਼ਸ਼ੀਲ-ਈ.ਓ. ਅਸ਼ਵਨੀ ਕੁਮਾਰ
ਸੰਗਰੂਰ: - ਨਗਰ ਕੌਂਸਲ ਸੰਗਰੂਰ ਦੇ ਕਾਰਜ ਸਾਧਕ ਅਫ਼ਸਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਇਨ੍ਹ ਬਿੰਨ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਸੰਗਰੂਰ ਵਿੱਚ ਲੱਗੇ ਕੂੜੇ ਦੇ ਡੰਪਾਂ ਨੂੰ ਚੁੱਕਵਾਉਣ ਲਈ 8 ਟਰੈਕਟਰ ਟਰਾਲੀਆਂ, 2 ਲੋਡਰ, 1 ਜੇ.ਸੀ.. ਬੀ ਮਸ਼ੀਨ ਅਤੇ ਇੱਕ ਪੋਕ ਲਾਈਨ ਮਸ਼ੀਨ ਹਰ ਸਮੇਂ ਕਾਰਜ਼ਸ਼ੀਲ ਹਨ ਜਿਸ ਨਾਲ ਸ਼ਹਿਰ ਦਾ ਬਹੁਤਾ ਕੂੜਾ ਚੁੱਕਿਆ ਵੀ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸੜਕਾਂ ਅਤੇ ਗਲੀਆਂ ਵਿੱਚ ਮਸ਼ੀਨਰੀ ਨੂੰ ਲਿਜਾਉਣਾ ਸੰਭਵ ਹੈ ਉਨ੍ਹਾਂ ਸੜਕਾਂ ਅਤੇ ਗਲੀਆਂ ਵਿੱਚੋਂ ਕੂੜਾ ਪਹਿਲ ਦੇ ਆਧਾਰ ਉੱਤੇ ਚੁਕਵਾਇਆ ਜਾ ਰਿਹਾ ਹੈ।
ਸਫ਼ਾਈ ਸੇਵਕਾਂ ਦੀ ਹੜਤਾਲ ਦੌਰਾਨ ਸ਼ਹਿਰ ’ਚੋਂ ਕੂੜੇ ਦੇ ਡੰਪ ਚੁੱਕਣੇ ਪ੍ਰਸ਼ਾਸਨ ਲਈ ਬਣੇ ਮੁਸੀਬਤ
ਅਜੀਤ ਡੈਸਕ
22-07-2026