ਅਹਿਮਦਗੜ੍ਹ, 21 ਜੁਲਾਈ (ਸੁਖਜੀਤ ਸਿੰਘ ਖੇੜਾ) - ਨਗਰ ਕੌਂਸਲ ਅਹਿਮਦਗੜ੍ਹ ਵੱਲੋਂ ਸ਼ਹਿਰ ਅੰਦਰ ਬਣਾਈਆਂ ਜਾ ਰਹੀਆਂ ਸੜਕਾਂ ਅਤੇ ਗਲੀਆਂ ਦਾ ਲੈਵਲ ਪਹਿਲਾਂ ਤੋਂ ਬਣੇ ਲੈਵਲ ਨਾਲੋਂ ਉੱਚਾ ਚੁੱਕੇ ਜਾਣ ਕਾਰਨ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। ਇਸ ਗੰਭੀਰ ਸਮੱਸਿਆ ਨੂੰ ਲੈ ਕੇ ਸ਼ਹਿਰ ਦੇ ਪ੍ਰਭਾਵਿਤ ਵਸਨੀਕਾਂ ਅਤੇ ਦੁਕਾਨਦਾਰਾਂ ਨੇ ਇੱਕਜੁੱਟ ਹੋ ਕੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਸ਼ੀਸ਼ ਕੁਮਾਰ ਨੂੰ ਇੱਕ ਵਿਸ਼ੇਸ਼ ਸਹਿਯੋਗ ਅਤੇ ਮੰਗ ਪੱਤਰ ਸੌਂਪਿਆ ਹੈ। ਮੰਗ ਪੱਤਰ ਬਾਰੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਧੂਲਕੋਟ ਰੋਡ, ਛਪਾਰ ਰੋਡ ਅਤੇ ਨਾਲ ਲੱਗਦੀਆਂ ਗਲੀਆਂ ਵਿੱਚ ਸੜਕਾਂ ਦਾ ਲੈਵਲ ਬਿਨਾਂ ਕਿਸੇ ਠੋਸ ਯੋਜਨਾਬੰਦੀ ਦੇ ਉੱਚਾ ਕੀਤਾ ਜਾ ਰਿਹਾ ਹੈ। ਇਸ ਕਾਰਨ ਲੋਕਾਂ ਦੇ ਘਰ ਅਤੇ ਦੁਕਾਨਾਂ ਸੜਕ ਤੋਂ ਕਾਫ਼ੀ ਨੀਵੇਂ ਹੋ ਗਏ ਹਨ। ਬਰਸਾਤ ਅਤੇ ਸੀਵਰੇਜ ਦਾ ਗੰਦਾ ਪਾਣੀ ਘਰਾਂ ਅਤੇ ਦੁਕਾਨਾਂ ਦੇ ਅੰਦਰ ਵੜ ਜਾਂਦਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਆਪਣੇ ਵਾਹਨ ਘਰਾਂ ਅਤੇ ਦੁਕਾਨਾਂ ਵਿੱਚ ਲਿਜਾਣ ਅਤੇ ਬਾਹਰ ਕੱਢਣ ਵਿੱਚ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰਾਂ ਅਤੇ ਦੁਕਾਨਾਂ ਦਾ ਲੈਵਲ ਨੀਵਾਂ ਹੋਣ ਕਾਰਨ ਜਾਇਦਾਦਾਂ ਦੀ ਮਾਰਕੀਟ ਰੇਟ ਵਿੱਚ ਵੀ ਭਾਰੀ ਗਿਰਾਵਟ ਆਈ ਹੈ। ਪ੍ਰਭਾਵਿਤ ਵਸਨੀਕਾਂ ਅਤੇ ਦੁਕਾਨਦਾਰਾਂ ਨੇ ਕਿਹਾ ਕਿ ਇਹ ਮਸਲਾ ਸਮੂਹ ਸ਼ਹਿਰ ਨਾਲ ਜੁੜਿਆ ਹੋਇਆ ਹੈ ਅਤੇ ਇਸ ਦਾ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ। ਸ਼ਹਿਰ ਵਾਸੀਆਂ ਨੇ ਮੰਗ ਪੱਤਰ ਰਾਹੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਧੂਲਕੋਟ ਰੋਡ, ਛਪਾਰ ਰੋਡ ਅਤੇ ਹੋਰ ਸ਼ਹਿਰ ਦੀਆਂ ਨਿਰਮਾਣ ਅਧੀਨ ਸੜਕਾਂ ਅਤੇ ਗਲੀਆਂ ਨੂੰ ਪਹਿਲਾਂ ਵਾਲੇ (ਮੂਲ) ਲੈਵਲ ’ਤੇ ਹੀ ਬਣਾਇਆ ਜਾਵੇ, ਤਾਂ ਜੋ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ। ਉਨਾਂ ਅੱਗੇ ਕਿਹਾ ਕਿ ਜੇਕਰ ਜਨਤਕ ਹਿੱਤ ਵਿੱਚ ਸੜਕਾਂ ਅਤੇ ਗਲੀਆਂ ਦਾ ਲੈਵਲ ਉੱਚਾ ਚੁੱਕਣਾ ਅਤਿ ਜ਼ਰੂਰੀ ਹੋਵੇ, ਇਸ ਵਜ੍ਹਾ ਨਾਲ ਪੀੜਤ ਹੋਣ ਵਾਲਿਆਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਆਪਣੇ ਘਰਾਂ ਅਤੇ ਦੁਕਾਨਾਂ ਨੂੰ ਨਵੇਂ ਲੈਵਲ ਅਨੁਸਾਰ ਦੁਬਾਰਾ ਤਿਆਰ ਕਰ ਸਕਣ। ਇਸ ਮੰਗ ਪੱਤਰ ’ਤੇ ਅਮਰਪੁਰਾ ਮੁਹੱਲਾ ਅਤੇ ਸ਼ਹਿਰ ਦੇ ਹੋਰਨਾਂ ਇਲਾਕਿਆਂ ਦੇ ਵਸਨੀਕਾਂ ਰਾਮ ਪ੍ਰਤਾਪ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਅਵਤਾਰ ਸਿੰਘ, ਵੇਦ ਪ੍ਰਕਾਸ਼, ਰਾਜ ਕੁਮਾਰ, ਕੁਲਵਿੰਦਰ ਸਿੰਘ, ਵਿਜੇ ਕੁਮਾਰ, ਅਰਸ਼ਦੀਪ ਸਿੰਘ, ਜਸਬੀਰ ਸਿੰਘ, ਜਗਜੀਤ ਸਿੰਘ, ਨਿਰਮਲ ਸਿੰਘ, ਸਚਿਨ ਕੁਮਾਰ ਅਤੇ ਭਾਰਤ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਦਸਤਖ਼ਤ ਕਰਕੇ ਪ੍ਰਸ਼ਾਸਨ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਹੈ
ਅਹਿਮਦਗੜ੍ਹ ’ਚ ਸੜਕਾਂ ਨੂੰ ਨਜਾਇਜ਼ ਉੱਚਾ ਚੁੱਕਣ ਖ਼ਿਲਾਫ਼ ਵਸਨੀਕਾਂ ਵਿਚ ਭਾਰੀ ਰੋਸ, ਨਗਰ ਕੌਸ਼ਲ ਨੂੰ ਦਿੱਤਾ ਮੰਗ-ਪੱਤਰ
ਅਜੀਤ ਡੈਸਕ
22-07-2026