ਸੁਨਾਮ ਊਧਮ ਸਿੰਘ ਵਾਲਾ, 23 ਜੁਲਾਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਰੁਪਿੰਦਰ ਸਿੰਘ ਸੱਗੂ) - ਭਾਰਤੀ ਜਨਤਾ ਪਾਰਟੀ ਸੰਗਰੂਰ-2 ਦੇ ਜਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੌਰਾਨ ਵਿਧਾਨ ਸਭਾ ਹਲਕਾ ਸੁਨਾਮ ਨੂੰ ਜੋ ਸਿਆਸੀ ਤਾਕਤ ਮਿਲੀ ਸੀ।ਉਸ ਦਾ ਹਲਕੇ ਦੇ ਲੋਕਾਂ ਨੂੰ ਕੋਈ ਫਾਇਦਾ ਨਹੀ ਹੋਇਆ। ਉਨ੍ਹਾਂ ਕਿਹਾ ਕਿ ਹਲਕਾ ਸੁਨਾਮ ਦੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ,ਹਲਕਾ ਸੁਨਾਮ ਨਾਲ ਹੀ ਸਬੰਧਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਵੀ ਬਿਲਕੁਲ ਨਾਲ ਲੱਗਦੇ ਹਲਕੇ ਦੇ ਹੋਣ ਦੇ ਬਾਵਜੂਦ ਵੀ ਆਪ ਸਰਕਾਰ ਨੇ ਸੁਨਾਮ ਨੂੰ ਨਾਂ ਹੀ ਕੋਈ ਯੂਨੀਵਰਸਿਟੀ ਅਤੇ ਨਾਂ ਹੀ ਕੋਈ ਵੱਡਾ ਉਦਯੋਗ ਸਥਾਪਿਤ ਕੀਤਾ,ਜਿਸ ਨਾਲ ਹਲਕੇ ਦੇ ਹਜਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕਦਾ ਹੋਵੇ।ਇਹ ਸਰਕਾਰ ਵੀ ਗਲੀਆਂ ਨਾਲੀਆਂ ਅਤੇ ਪਾਰਕਾਂ ਤੱਕ ਹੀ ਸੀਮਤ ਹੋਕੇ ਰਹਿ ਗਈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਵ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਲੰਬੀ ਹਲਕਾ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ। ਜਿਸ ਨੂੰ ਲੋਕ ਅੱਜ ਤੱਕ ਯਾਦ ਕਰਦੇ ਹਨ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਆਪਣੇ ਹਲਕੇ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਹੈ ਅਤੇ ਬਾਕੀ ਸੂਬੇ ਦਾ ਵਿਕਾਸ ਤਾਂ ਕੀ ਕਰਵਾਉਣਾ ਸੀ। ਉਨ੍ਹਾਂ ਕਿਹਾ ਹਲਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਲੈਣ ਲਈ ਦੂਰ ਦੁਰਾਡੇ ਜਾਣਾ ਪੈਂਦਾ ਹੈ।ਜਿਸ ਕਾਰਨ ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ।ਦਾਮਨ ਬਾਜਵਾ ਨੇ ਕਿਹਾ ਕਿ ਇੱਥੋਂ ਦੇ ਸੱਤਾਧਾਰੀ ਆਗੂ ਆਪਣੇ ਨਿਜੀ ਪ੍ਰੋਜੈਕਟ ਵੀ ਹੋਰਨਾਂ ਹਲਕਿਆਂ ਅਤੇ ਦੂਜੇ ਸੂਬਿਆਂ ਵਿਚ ਲਾ ਰਹੇ ਹਨ। ਜੇਕਰ ਇਹ ਆਗੂ ਇਹ ਪ੍ਰੋਜੈਕਟ ਸੁਨਾਮ ਹਲਕੇ ਵਿਚ ਲਾਉਣ ਤਾਂ ਹਲਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਵਿਚ ਮੱਦਦ ਮਿਲ ਸਕਦੀ ਹੈ।ਇਸ ਮੌਕੇ ਸੀਨੀਅਰ ਭਾਜਪਾ ਆਗੂ ਹਰਮਨਦੇਵ ਸਿੰਘ ਬਾਜਵਾ ਅਤੇ ਮੰਡਲ ਪ੍ਰਧਾਨ ਰਾਜੀਵ ਮੱਖਣ ਆਦਿ ਮੌਜੂਦ ਸਨ।