06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਅਬੋਹਰ ਦੀ ਇਤਿਹਾਸਕ ਮਸਜਿਦ ਦੇ ਮਾਮਲੇ ’ਚ ਅਹਿਮ ਤਰੱਕੀ, ਮੁਫ਼ਤੀ-ਏ-ਆਜ਼ਮ ਪੰਜਾਬ ਦੀਆਂ ਕੋਸ਼ਿਸ਼ਾਂ ਸਦਕਾ ਉੱਚ ਪੁਲਿਸ ਅਧਿਕਾਰੀਆਂ ਵਲੋਂ ਤੁਰੰਤ ਕਾਰਵਾਈ ਦੇ ਹੁਕਮ ਜਾਰੀ

Ad Position 21
No active advertisement
ਅਜੀਤ ਡੈਸਕ 25-07-2026
ਮਲੇਰਕੋਟਲਾ, 24 ਜੁਲਾਈ (ਮੁਹੰਮਦ ਹਨੀਫ਼ ਥਿੰਦ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਸ਼ਹਿਰ ਅਬੋਹਰ ‘ਚ ਸਥਿਤ ਇਕ ਪੁਰਾਤਨ ਅਤੇ ਇਤਿਹਾਸਕ ਮਸਜਿਦ ਨਾਲ ਸੰਬੰਧਿਤ ਪਿਛਲੇ ਲਗਭਗ 7 ਮਹੀਨਿਆਂ ਤੋਂ ਚੱਲ ਰਹੇ ਵਿਵਾਦ ਵਿਚ ਇਕ ਅਹਿਮ ਕਾਮਯਾਬੀ ਸਾਹਮਣੇ ਆਈ ਹੈ। ਕੁਝ ਫਿਰਕਾਪ੍ਰਸਤ ਅਤੇ ਸ਼ਰਾਰਤੀ ਅਨਸਰਾਂ ਵਲੋਂ ਮਸਜਿਦ ਦੇ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਜਿਸ ਕਾਰਨ ਨਮਾਜ਼ੀਆਂ ਨੂੰ ਆਪਣੀ ਇਬਾਦਤ ਅਦਾ ਕਰਨ ‘ਚ ਗੰਭੀਰ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਵਾਰ ਇਹ ਮਾਮਲਾ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਦੇ ਸਾਹਮਣੇ ਵੀ ਰੱਖਿਆ ਗਿਆ, ਪਰ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੋ ਸਕੀ। ਪ੍ਰਸ਼ਾਸਨ ਵਲੋਂ ਵਾਰ-ਵਾਰ ਨਮਾਜ਼ੀਆਂ ਦੀ ਗਿਣਤੀ ਘਟਾਉਣ ਲਈ ਕਿਹਾ ਗਿਆ, ਜਿਸ ਉੱਤੇ ਮਸਜਿਦ ਪ੍ਰਬੰਧਕ ਕਮੇਟੀ ਨੇ ਕਾਨੂੰਨ ਅਤੇ ਅਮਨ-ਕਾਨੂੰਨ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖਦੇ ਹੋਏ ਪੂਰਾ ਸਹਿਯੋਗ ਵੀ ਦਿੱਤਾ, ਪਰ ਇਸ ਦੇ ਬਾਵਜੂਦ ਸਮੱਸਿਆਵਾਂ ਖ਼ਤਮ ਹੋਣ ਦੀ ਬਜਾਏ ਹੋਰ ਵਧਦੀਆਂ ਹੀ ਗਈਆਂ। ਲੰਬੇ ਸਮੇਂ ਤੱਕ ਜਾਰੀ ਇਸ ਤਣਾਅ ਤੋਂ ਬਾਅਦ ਇਹ ਮਾਮਲਾ ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਖ਼ਲੀਲ ਕਾਸਮੀ ਸਾਹਿਬ ਮੱਦਜ਼ਿੱਲਹੁਲ ਆਲੀ, ਮੈਂਬਰ ਸ਼ੂਰਾ ਦਾਰੁਲ ਉਲੂਮ ਦਿਓਬੰਦ ਦੀ ਸਰਪਰਸਤੀ ‘ਚ ਪੇਸ਼ ਕੀਤਾ ਗਿਆ। ਹਜ਼ਰਤ ਮੌਲਾਨਾ ਨੇ ਮਾਮਲੇ ਦੀ ਨਜ਼ਾਕਤ ਨੂੰ ਮਹਿਸੂਸ ਕਰਦੇ ਹੋਏ ਖ਼ੁਦ ਏ.ਡੀ.ਜੀ.ਪੀ. ਪੰਜਾਬ ਜਨਾਬ ਮੁਹੰਮਦ ਫ਼ੈਯਾਜ਼ ਫ਼ਾਰੂਕੀ (ਆਈ.ਪੀ.ਐਸ.) ਨਾਲ ਸੰਪਰਕ ਕੀਤਾ ਅਤੇ ਮੁਲਾਕਾਤ ਲਈ ਸਮਾਂ ਲਿਆ ਅਤੇ ਤੈਅ ਸਮੇਂ ‘ਤੇ ਹੋਈ ਇਸ ਮੁਲਾਕਾਤ ‘ਚ ਮਸਜਿਦ ਦੇ ਜ਼ਿੰਮੇਵਾਰਾਂ ਨੇ ਮੁਫ਼ਤੀ-ਏ-ਆਜ਼ਮ ਪੰਜਾਬ ਦੀ ਮੌਜੂਦਗੀ ‘ਚ ਪੂਰਾ ਮਾਮਲਾ ਵਿਸਥਾਰ ਨਾਲ ਉੱਚ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਰੱਖਿਆ। ਉਪਰੋਕਤ ਜਾਣਕਾਰੀ ਦਿੰਦਿਆਂ ਮੁਫ਼ਤੀ ਮੁਹੰਮਦ ਖ਼ਲੀਲ ਕਾਸਮੀ ਸਾਹਿਬ ਨੇ ਦੱਸਿਆ ਕਿ ਏ.ਡੀ.ਜੀ.ਪੀ. ਪੰਜਾਬ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਤੁਰੰਤ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ. ਉਲੰਪੀਅਨ ਜਨਾਬ ਗਗਨ ਅਜੀਤ ਸਿੰਘ ਨਾਲ ਟੈਲੀਫ਼ੋਨ ‘ਤੇ ਸੰਪਰਕ ਕੀਤਾ ਅਤੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਬਹੁਤ ਗੰਭੀਰ ਹਨ ਅਤੇ ਇਨ੍ਹਾਂ ਦਾ ਕਾਨੂੰਨ ਅਨੁਸਾਰ ਤੁਰੰਤ ਹੱਲ ਕੀਤਾ ਜਾਵੇ, ਤਾਂ ਜੋ ਕਿਸੇ ਵੀ ਨਾਗਰਿਕ ਨੂੰ ਆਪਣੇ ਧਾਰਮਿਕ ਅਧਿਕਾਰਾਂ ਦੀ ਪਾਲਣਾ ਕਰਨ ‘ਚ ਕੋਈ ਰੁਕਾਵਟ ਨਾ ਆਵੇ। ਉਹਨਾਂ ਅੱਗੇ ਦੱਸਿਆ ਕਿ ਜਨਾਬ ਏ.ਡੀ.ਜੀ.ਪੀ. ਪੰਜਾਬ ਨੇ ਤੁਰੰਤ ਇਕ ਲਿਖਤੀ ਪੱਤਰ ਵੀ ਜਾਰੀ ਕਰਵਾਇਆ, ਜੋ ਅਬੋਹਰ ਤੋਂ ਆਏ ਵਫ਼ਦ ਨੂੰ ਸੌਂਪਿਆ ਗਿਆ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਇਹ ਪੱਤਰ ਅਤੇ ਆਪਣੀਆਂ ਸ਼ਿਕਾਇਤਾਂ ਸੰਬੰਧਿਤ ਐੱਸ.ਐੱਸ.ਪੀ. ਨੂੰ ਦੇਣ। ਉਨ੍ਹਾਂ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਅੱਗੇ ਤੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦਿੱਕਤ ਜਾਂ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਕਾਨੂੰਨ ਅਨੁਸਾਰ ਉੱਚਿਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਮਸਜਿਦ ਪ੍ਰਬੰਧਕਾਂ ਅਤੇ ਸਥਾਨਕ ਮੁਸਲਿਮ ਭਾਈਚਾਰੇ ਨੇ ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਖ਼ਲੀਲ ਕਾਸਮੀ ਸਾਹਿਬ ਮੱਦਜ਼ਿੱਲਹੁਲ ਆਲੀ ਦੀ ਸਮੇਂ-ਸਿਰ ਰਹਿਨੁਮਾਈ, ਗੰਭੀਰ ਕੋਸ਼ਿਸ਼ਾਂ ਅਤੇ ਉੱਚ ਪੁਲਿਸ ਅਧਿਕਾਰੀਆਂ ਦੇ ਤੁਰੰਤ ਸਹਿਯੋਗ ‘ਤੇ ਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਉਮੀਦ ਪ੍ਰਗਟ ਕੀਤੀ ਕਿ ਇਸ ਦਖ਼ਲਅੰਦਾਜ਼ੀ ਤੋਂ ਬਾਅਦ ਮਸਜਿਦ ਵਿਚ ਅਮਨ ਅਤੇ ਸਕੂਨ ਦਾ ਮਾਹੌਲ ਮੁੜ ਬਹਾਲ ਹੋਵੇਗਾ, ਨਮਾਜ਼ੀ ਬੇਖ਼ੌਫ਼ ਆਪਣੀਆਂ ਇਬਾਦਤਾਂ ਅਦਾ ਕਰ ਸਕਣਗੇ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਕਿ ਧਾਰਮਿਕ ਸਥਾਨਾਂ ਦੀ ਪਵਿੱਤਰਤਾ, ਅਮਨ-ਕਾਨੂੰਨ ਅਤੇ ਸਾਰੇ ਨਾਗਰਿਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਹਰ ਹਾਲਤ ‘ਚ ਸੁਰੱਖਿਆ ਨੂੰ ਯਕੀਨੀ ਬਣਾਈ ਜਾਵੇ, ਤਾਂ ਜੋ ਭਵਿੱਖ ‘ਚ ਇਸ ਤਰ੍ਹਾਂ ਦੀਆਂ ਨਾਪਸੰਦ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਹਾਫ਼ਿਜ਼ ਮੁਹੰਮਦ ਯੂਸਫ਼ ਕਾਸਮੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕਾਮਿਆਂ ਵਲੋਂ ਦੋ ਦਿਨ ਦੀ ਹੋਰ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ ਅਗਲੀ ਖ਼ਬਰ ਸੁਨਾਮ ’ਚ ਵਕੀਲਾਂ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਦੇ ਵਿਰੋਧ ਵਿਚ ਭੁੱਖ ਹੜਤਾਲ
Ad Position 24
No active advertisement