ਚੀਮਾ ਮੰਡੀ (ਸੰਗਰੂਰ), 21 ਜੁਲਾਈ (ਗੁਰਜੀਤ ਸਿੰਘ ਚਹਿਲ) - ਸਿਆਣੇ ਕਹਿੰਦੇ ਨੇ ਕਿ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਕਿਸੇ ਵੀ ਉਮਰ ‘ਚ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ । ਜੀ ਹਾਂ, ਅਜਿਹੀ ਹੀ ਮਿਸਾਲ ਕਾਇਮ ਕੀਤੀ ਹੈ ਜਿਲਾ ਸੰਗਰੂਰ ਅਤੇ ਜਿਲਾ ਮਾਨਸਾ ਦੀ ਹੱਦ ‘ਤੇ ਘੁੱਗ ਵਸਦੇ ਪਿੰਡ ਡਸਕਾ ਦੇ 66 ਸਾਲਾ ਵੈਟਰਨ ਅਥਲੀਟ ਸੁਖਦੇਵ ਸ਼ਰਮਾ ਨੇ, ਜਿਸ ਨੇ ਬ੍ਰਿਸਬੇਨ (ਆਸਟ੍ਰੇਲੀਆ) ਵਿਖੇ ਕਰਵਾਏ ਗਏ ਕੌਮਾਤਰੀ ਅਥਲੈਟਿਕਸ ਮੁਕਾਬਲੇ ‘ਚ 21 ਕਿਲੋਮੀਟਰ (ਹਾਫ ਮੈਰਾਥਨ) ਦੀ ਦੌੜ (ਪਹਾੜੀ ਖੇਤਰ ‘ਚ) 2 ਘੰਟੇ 17 ਮਿੰਟ ‘ਚ ਪੂਰੀ ਕਰਕੇ ਸੋਨ ਤਗਮਾ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸੋਨ ਤਗਮਾ, ਸਨਮਾਨ ਚਿੰਨ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਅਥਲੀਟ ਸੁਖਦੇਵ ਸ਼ਰਮਾ ਦੀ ਇਸ ਉਪਲਬਧੀ ਨਾਲ ਨਾ ਕੇਵਲ ਦੇਸ਼ ਭਾਰਤ, ਸਗੋਂ ਪੰਜਾਬ, ਜ਼ਿਲ੍ਹਾ ਸੰਗਰੂਰ, ਇਲਾਕੇ ਅਤੇ ਉਨ੍ਹਾਂ ਦੇ ਜੱਦੀ ਪਿੰਡ ਡਸਕਾ ਦਾ ਨਾਂਅ ਵੀ ਕੌਮਾਤਰੀ ਪੱਧਰ ਤੇ ਰੌਸ਼ਨ ਹੋਇਆ ਹੈ। ਉਨ੍ਹਾਂ ਦੀ ਇਸ ਸਫ਼ਲਤਾ ‘ਤੇ ਇਲਾਕੇ ਦੇ ਖੇਡ ਪ੍ਰੇਮੀਆਂ, ਸਮਾਜ ਸੇਵੀਆਂ ਅਤੇ ਸ਼ੁਭਚਿੰਤਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ । ਜ਼ਿਕਰਯੋਗ ਹੈ ਕਿ ਵੈਟਰਨ ਅਥਲੀਟ ਸੁਖਦੇਵ ਸ਼ਰਮਾ ਇਸ ਤੋਂ ਪਹਿਲਾਂ ਵੀ ਕਈ ਰਾਜ ਪੱਧਰੀ ਅਤੇ ਨੈਸ਼ਨਲ ਪੱਧਰੀ ਅਥਲੈਟਿਕਸ ਖੇਡ ਮੁਕਾਬਲੇ ਜਿੱਤ ਕੇ ਅਨੇਕਾਂ ਤਗਮੇ ਆਪਣੇ ਨਾਅ ਕਰ ਚੁੱਕੇ ਹਨ। ਉਨ੍ਹਾਂ ਦੀ ਇਹ ਨਵੀਂ ਪ੍ਰਾਪਤੀ ਨੌਜਵਾਨਾਂ ਲਈ ਵੀ ਪ੍ਰੇਰਣਾਦਾਇਕ ਹੈ ।