ਸੰਗਰੂਰ, 31 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਵਿਖੇ ਵਾਈ ਐਸ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਵਰੁਨ ਭਾਰਤੀ ਡਾਇਰੈਕਟਰ ਅਤੇ ਪ੍ਰਿੰਸੀਪਲ ਬਿਮੀ ਪੁਰੀ, ਕੋਆਰਡੀਨੇਟਰ ਦੀਪਕਾ ਦੇ ਨਿਰਦੇਸ਼ਾਂ ਹੇਠ ਸਕੂਲ ਅਧਿਆਪਕਾਂ ਦੀ ਅਗਵਾਈ ਵਿੱਚ ਪਹੁੰਚ ਕੀਤੀ। ਇਸ ਮੌਕੇ ਮੈਡਮ ਹਰਮਨਦੀਪ ਕੌਰ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵਿਦਿਆਰਥੀਆਂ ਵੱਲੋਂ ਮਾਤਾ ਪਿਤਾ ਦਿਵਸ ਪਿੰਗਲਵਾੜਾ ਸ਼ਾਖਾ ਵਿਖੇ ਦਾਖਲ ਮਰੀਜ਼ਾਂ ਨਾਲ ਮਨਾਉਣ ਦਾ ਖਾਸ ਪ੍ਰੋਗਰਾਮ ਉਲੀਕਿਆ ਹੈ। ਸ਼ਾਖਾ ਦੇ ਪ੍ਰਬੰਧਕ ਹਰਜੀਤ ਸਿੰਘ ਅਰੋੜਾ ਦੀ ਹਾਜ਼ਰੀ ਵਿੱਚ ਸੁਰਿੰਦਰ ਪਾਲ ਸਿੰਘ ਸਿਦਕੀ ਪੀ ਆਰ ਓ ਨੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਪਿੰਗਲਵਾੜਾ ਸ਼ਾਖਾ ਵਿਖੇ ਮਰੀਜ਼ਾਂ ਦੀ ਸੇਵਾ ਸੰਭਾਲ ਬਾਰੇ ਦੱਸਿਆ ਜਦੋਂ ਕਿ ਡਾਕਟਰ ਉਪਾਸਨਾ ਨੇ ਮਰੀਜ਼ਾਂ ਦੀ ਸਿਹਤ ਤੰਦਰੁਸਤੀ ਦੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਮਾਸਟਰ ਸਤਪਾਲ ਸ਼ਰਮਾ ਨੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਮਾਨਵ ਭਲਾਈ ਦੇ ਕਾਰਜਾਂ ਬਾਰੇ ਚਾਨਣਾ ਪਾਇਆ। ਉਪਰੰਤ ਸਕੂਲ ਵਿਦਿਆਰਥਣਾਂ ਪ੍ਭਨੂਰ ਕੌਰ ਅਤੇ ਇਬਾਦਤ ਵੱਲੋਂ ਕੀਤੇ ਬਾਖੂਬੀ ਸਟੇਜ ਸੰਚਾਲਨ ਅਧੀਨ ਅਤੇ ਅਧਿਆਪਕ ਇੰਦਰਜੀਤ ਸਿੰਘ, ਕਰਨਪ੍ਰੀਤ ਸਿੰਘ, ਕਾਰਤਿਕ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਵੱਲੋਂ ਪੰਜਾਬੀ ਆਰਕੈਸਰਾ ਦੀ ਧੁੰਨ ਤੇ ਸੰਗੀਤ ਮਈ ਮਾਹੌਲ ਸਿਰਜਿਦਿਆਂ ਗੀਤ ਸੰਗੀਤ ਦੀਆਂ ਪੇਸ਼ਕਾਰੀਆਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ ਅਤੇ ਤਾੜੀਆਂ ਦੀ ਗੂੰਜ ਵਿੱਚ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਵਿੱਚ ਅਰਮਾਨ, ਹਰ ਕੌਰ, ਹਰਗੁਣ, ਅਸ਼ਮੀਤ, ਪ੍ਰਭੇਵ, ਭੁਮਿਸ਼ ਦੀ ਪੇਸ਼ਕਾਰੀ ਸਲਾਹੁਣ ਯੋਗ ਰਹੀ। ਇਸ ਮੌਕੇ ਮਾਤਾ ਪਿਤਾ ਦਿਵਸ ਨਾਲ ਸਬੰਧਤ ਸਕੂਲ ਵੱਲੋਂ ਤਿਆਰ ਕੀਤੇ ਖਾਲੀ ਸਕੈੱਚ ਮਰੀਜ਼ਾਂ ਨੂੰ ਦਿੱਤੇ ਗਏ ਜਿਨਾਂ ਤੇ ਉਨ੍ਹਾਂ ਵੱਲੋਂ ਬੜੇ ਉਤਸ਼ਾਹ ਨਾਲ ਰੰਗ ਭਰ ਕੇ ਆਪਣੀ ਖੁਸ਼ੀ ਜਾਹਰ ਕੀਤੀ। ਹਰਜੀਤ ਸਿੰਘ ਅਰੋੜਾ ਨੇ ਸਕੂਲ ਵੱਲੋਂ ਕੀਤੇ ਪੋ੍ਗਰਾਮ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਮੋਬਾਈਲ ਦੀ ਘੱਟ ਵਰਤੋਂ ਕਰਕੇ ਆਪਣੀ ਪੜਾਈ ਵਿੱਚ ਵੱਧ ਧਿਆਨ ਲਗਾਉਣ ਲਈ ਕਿਹਾ। ਬੱਚਿਆਂ ਨੂੰ ਮਾਤਾ ਪਿਤਾ ਅਤੇ ਅਧਿਆਪਕ ਸਾਹਿਬਾਨ ਦਾ ਸਤਿਕਾਰ ਕਰਨ ਦੀਆਂ ਵੀ ਆਪ ਵੱਲੋਂ ਪ੍ਰੇਰਨਾਵਾਂ ਦਿੱਤੀਆਂ। ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕ ਕਰਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਸ਼ਾਖਾ ਵਿਖੇ ਕੀਤੀ ਜਾ ਰਹੀ ਮਰੀਜ਼ਾਂ ਦੀ ਸੇਵਾ ਸੰਭਾਲ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਸਕੂਲ ਵੱਲੋਂ ਸ਼ਾਖਾ ਪ੍ਬੰਧਕਾਂ ਦਾ ਸਨਮਾਨ ਕੀਤਾ ਅਤੇ ਹਰਜੀਤ ਸਿੰਘ ਅਰੋੜਾ ਅਤੇ ਬਾਕੀ ਪ੍ਰਬੰਧਕਾਂ ਨੇ ਅਧਿਆਪਕ ਸਾਹਿਬਾਨ ਨੂੰ ਵੀ ਸਨਮਾਨਿਤ ਕੀਤਾ।