ਗੁੰਮਿਆ ਪਰਸ ਲੱਭ ਕੇ ਮਾਲਕਣ ਨੂੰ ਸੌਂਪਿਆ
ਖਨੌਰੀ, 19 ਸਤੰਬਰ (ਬਲਵਿੰਦਰ ਸਿੰਘ ਥਿੰਦ)- ਪੁਲਿਸ ਥਾਣਾ ਖਨੌਰੀ ਵਿਖੇ ਤਾਇਨਾਤ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਰਘਵੀਰ ਸਿੰਘ ਪਰਮਾਰ ਨੇ ਇਮਾਨਦਾਰੀ ਤੇ ਫ਼ਰਜ਼ ਨਿਭਾਉਣ ਦੀ ਮਿਸਾਲ ਕਾਇਮ ਕਰਦਿਆਂ ਪਟਿਆਲਾ ਸਥਿਤ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਗੁੰਮ ਹੋਇਆ ਇੱਕ ਔਰਤ ਦਾ ਪਰਸ ਲੱਭ ਕੇ ਉਸ ਦੀ ਅਸਲ ਮਾਲਕਣ ਨੂੰ ਸੁਰੱਖਿਅਤ ਵਾਪਸ ਕਰ ਦਿੱਤਾ। ਪਰਸ ਵਿੱਚ 50 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਏ.
ਖਨੌਰੀ, 19 ਸਤੰਬਰ (ਬਲਵਿੰਦਰ ਸਿੰਘ ਥਿੰਦ)- ਪੁਲਿਸ ਥਾਣਾ ਖਨੌਰੀ ਵਿਖੇ ਤਾਇਨਾਤ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਰਘਵੀਰ ਸਿੰਘ ਪਰਮਾਰ ਨੇ ਇਮਾਨਦਾਰੀ ਤੇ ਫ਼ਰਜ਼ ਨਿਭਾਉਣ ਦੀ ਮਿਸਾਲ ਕਾਇਮ ਕਰਦਿਆਂ ਪਟਿਆਲਾ ਸਥਿਤ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਗੁੰਮ ਹੋਇਆ ਇੱਕ ਔਰਤ ਦਾ ਪਰਸ ਲੱਭ ਕੇ ਉਸ ਦੀ ਅਸਲ ਮਾਲਕਣ ਨੂੰ ਸੁਰੱਖਿਅਤ ਵਾਪਸ ਕਰ ਦਿੱਤਾ। ਪਰਸ ਵਿੱਚ 50 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਏ.ਟੀ.ਐਮ. ਕਾਰਡ, ਆਧਾਰ ਕਾਰਡ ਤੇ ਹੋਰ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਸਬ ਇੰਸਪੈਕਟਰ ਰਘਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਮੱਥਾ ਟੇਕਣ ਲਈ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਮੰਦਰ ਵਿਖੇ ਇੱਕ ਔਰਤ ਦਾ ਪਰਸ ਮਿਲਿਆ। ਉਨ੍ਹਾਂ ਨੇ ਪਰਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਵਿੱਚ ਮੌਜੂਦ ਸਾਮਾਨ ਦੀ ਜਾਂਚ ਕੀਤੀ। ਜਾਂਚ ਦੌਰਾਨ ਪਰਸ ਵਿੱਚੋਂ 50 ਹਜ਼ਾਰ ਰੁਪਏ ਨਕਦ, ਏ.ਟੀ.ਐਮ. ਕਾਰਡ, ਆਧਾਰ ਕਾਰਡ ਤੇ ਹੋਰ ਜ਼ਰੂਰੀ ਦਸਤਾਵੇਜ਼ ਮਿਲੇ। ਇਸ ਤੋਂ ਇਲਾਵਾ ਪਰਸ ਵਿੱਚ ਇੱਕ ਸੰਪਰਕ ਨੰਬਰ ਵੀ ਮੌਜੂਦ ਸੀ। ਸਬ ਇੰਸਪੈਕਟਰ ਰਘਵੀਰ ਸਿੰਘ ਨੇ ਬਿਨਾਂ ਕਿਸੇ ਦੇਰੀ ਦੇ ਉਕਤ ਨੰਬਰ ’ਤੇ ਸੰਪਰਕ ਕਰਕੇ ਪਰਸ ਦੀ ਮਾਲਕਣ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਪਰਸ ਦੀ ਮਾਲਕਣ ਵੱਲੋਂ ਪਰਸ ਨਾਲ ਸਬੰਧਿਤ ਨਿਸ਼ਾਨੀਆਂ ਤੇ ਵੇਰਵਿਆਂ ਦੀ ਪੁਸ਼ਟੀ ਕਰਨ ਤੋਂ ਬਾਅਦ ਉਸ ਨੂੰ ਬੁਲਾ ਕੇ 50 ਹਜ਼ਾਰ ਰੁਪਏ ਦੀ ਨਕਦੀ ਸਮੇਤ ਪੂਰਾ ਪਰਸ ਸੁਰੱਖਿਅਤ ਉਸ ਦੇ ਹਵਾਲੇ ਕਰ ਦਿੱਤਾ ਗਿਆ। ਪਰਸ ਪ੍ਰਾਪਤ ਕਰਨ ਵਾਲੀ ਔਰਤ ਦੀ ਪਛਾਣ ਵੀਰਪਾਲ ਕੌਰ ਪਤਨੀ ਪ੍ਰੇਮ ਸਿੰਘ, ਵਾਸੀ ਵਾਰਡ ਨੰਬਰ 12, ਭਿੱਖੀ, ਥਾਣਾ ਭਿੱਖੀ, ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਪਰਸ ਵਾਪਸ ਮਿਲਣ ’ਤੇ ਵੀਰਪਾਲ ਕੌਰ ਨੇ ਸਬ ਇੰਸਪੈਕਟਰ ਰਘਵੀਰ ਸਿੰਘ ਦਾ ਧੰਨਵਾਦ ਕੀਤਾ। ਸਬ ਇੰਸਪੈਕਟਰ ਰਘਵੀਰ ਸਿੰਘ ਵੱਲੋਂ ਦਿਖਾਈ ਗਈ ਇਮਾਨਦਾਰੀ ਤੇ ਮਨੁੱਖਤਾ ਦੀ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਦੇ ਇਸ ਉਪਰਾਲੇ ਨੇ ਇਹ ਸੰਦੇਸ਼ ਦਿੱਤਾ ਕਿ ਇਮਾਨਦਾਰੀ ਅਤੇ ਫ਼ਰਜ਼ ਪ੍ਰਤੀ ਨਿਭਾਈ ਗਈ ਜ਼ਿੰਮੇਵਾਰੀ ਅੱਜ ਵੀ ਸਮਾਜ ਵਿੱਚ ਭਰੋਸੇ ਅਤੇ ਸਤਿਕਾਰ ਨੂੰ ਮਜ਼ਬੂਤ ਕਰਦੀ ਹੈ।