ਬਾਸਮਤੀ 1509 ਦੀ ਪਹਿਲੀ ਢੇਰੀ 4100 ਰੁਪਏ ਵਿਕੀ
ਕਿਸਾਨ ਤੇ ਆੜ੍ਹਤੀ ਖੁਸ਼—1121 ਤੇ ਮੁੱਛਲ ਦੇ ਭਾਅ ਵੀ ਵਧਣ ਦੀ ਆਸ
ਲਹਿਰਾਗਾਗਾ, 22 ਸਤੰਬਰ (ਅਸ਼ੋਕ ਗਰਗ) - ਅਨਾਜ ਮੰਡੀ ਲਹਿਰਾਗਾਗਾ ਵਿਚ ਬਾਸਮਤੀ 1509 ਝੋਨੇ ਦੀ ਪਹਿਲੀ ਢੇਰੀ ਅੱਜ 4100 ਰੁਪਏ ਪ੍ਰਤੀ ਕੁਇੰਟਲ ਦੇ ਭਾਅ ’ਤੇ ਵਿਕੀ। ਇਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ’ਚ ਖੁਸ਼ੀ ਦਾ ਮਾਹੌਲ ਬਣ ਗਿਆ।
ਲਹਿਰਾਗਾਗਾ, 22 ਸਤੰਬਰ (ਅਸ਼ੋਕ ਗਰਗ) - ਅਨਾਜ ਮੰਡੀ ਲਹਿਰਾਗਾਗਾ ਵਿਚ ਬਾਸਮਤੀ 1509 ਝੋਨੇ ਦੀ ਪਹਿਲੀ ਢੇਰੀ ਅੱਜ 4100 ਰੁਪਏ ਪ੍ਰਤੀ ਕੁਇੰਟਲ ਦੇ ਭਾਅ ’ਤੇ ਵਿਕੀ। ਇਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ’ਚ ਖੁਸ਼ੀ ਦਾ ਮਾਹੌਲ ਬਣ ਗਿਆ। ਇਹ ਪਹਿਲੀ ਢੇਰੀ ਅਜੇ ਕੁਮਾਰ ਠੋਲੀ ਵਲੋਂ ਫਾਰਮ ਨਰੇਸ਼ ਕੁਮਾਰ ਐਂਡ ਸੰਜ ਦੀ ਦੁਕਾਨ ’ਤੇ ਵਿਕਣ ਲਈ ਲਿਆਂਦੀ ਗਈ ਸੀ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਦੱਸਿਆ ਕਿ ਪਿੰਡ ਰਾਮਗੜ੍ਹ ਦੇ ਕਿਸਾਨ ਹਰਦਿਆਲ ਸਿੰਘ ਪੁੱਤਰ ਭੂਰਾ ਸਿੰਘ ਦੀ ਇਸ ਢੇਰੀ ਦੀ ਬੋਲੀ ਬਾਅਦ ਦੁਪਹਿਰ ਸ਼ੁਰੂ ਹੋਈ। ਆਰ.ਐੱਸ. ਫੂਡ ਦੇ ਵਿਜੇ ਕੁਮਾਰ ਅਤੇ ਸਾਹਿਲ ਮਿੱਤਲ ਨੇ ਸਭ ਤੋਂ ਵੱਧ ਬੋਲੀ ਲਗਾ ਕੇ ਇਹ ਝੋਨਾ 4100 ਰੁਪਏ ਪ੍ਰਤੀ ਕੁਇੰਟਲ ਦੇ ਭਾਅ ’ਤੇ ਖਰੀਦਿਆ। ਉਨ੍ਹਾਂ ਕਿਹਾ ਕਿ ਬਾਸਮਤੀ ਦੀ ਸ਼ੁਰੂਆਤੀ ਖਰੀਦ ਨੂੰ ਦੇਖਦਿਆਂ ਇਸ ਵਾਰ ਕਿਸਾਨਾਂ ਨੂੰ ਲਾਹੇਵੰਦ ਭਾਅ ਮਿਲਣ ਦੀ ਸੰਭਾਵਨਾ ਹੈ। ਬੋਲੀ ਮੌਕੇ ਰਮਨ ਬਿਹਾਰੀ ਰਾਈਸ ਮਿੱਲ, ਚਿਮਨ ਲਾਲ ਗਿਆਨ ਚੰਦ ਪਾਤੜਾਂ, ਐੱਸ.ਪੀ. ਰਾਈਸ ਮਿੱਲ ਪਾਤੜਾਂ ਸਮੇਤ ਹੋਰ ਖਰੀਦਦਾਰ ਵੀ ਮੌਜੂਦ ਸਨ।ਖਰੀਦਦਾਰਾਂ ਨੇ ਦੱਸਿਆ ਕਿ ਅਗਲੇ ਪੰਜ-ਛੇ ਦਿਨਾਂ ਵਿੱਚ ਸਰਾਧ ਸ਼ੁਰੂ ਹੋਣ ਕਾਰਨ ਕਈ ਮਿੱਲਰ ਮਹੂਰਤ ਕਰਨ ਦੀ ਤਿਆਰੀ ’ਚ ਹਨ, ਜਿਸ ਕਰਕੇ ਅੱਜ ਵੱਡੀ ਗਿਣਤੀ ਵਿੱਚ ਖਰੀਦਦਾਰ ਬੋਲੀ ਵਿੱਚ ਸ਼ਾਮਿਲ ਹੋਏ। ਉਨ੍ਹਾਂ ਦੱਸਿਆ ਕਿ ਅੱਗੇ ਚੱਲ ਕੇ ਬਾਸਮਤੀ ਦੀ ਕੁਆਲਿਟੀ ’ਚ ਹੋਰ ਸੁਧਾਰ ਆਉਣ ਦੀ ਉਮੀਦ ਹੈ ਅਤੇ 1121 ਤੇ ਮੁੱਛਲ ਕਿਸਮ ਦੇ ਝੋਨੇ ਦੇ ਭਾਅ 4500 ਤੋਂ 5000 ਰੁਪਏ ਪ੍ਰਤੀ ਕੁਇੰਟਲ ਤੱਕ ਰਹਿਣ ਦੀ ਸੰਭਾਵਨਾ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਓਮ ਪ੍ਰਕਾਸ਼, ਵਾਈਸ ਪ੍ਰਧਾਨ ਸੰਜੀਵ ਕੁਮਾਰ, ਪ੍ਰੈੱਸ ਸਕੱਤਰ ਸ਼ੰਭੂ ਗੋਇਲ, ਮਨੋਜ ਕੁਮਾਰ, ਧਰਮਪਾਲ, ਬਿੱਲੂ ਰਾਮ, ਰਾਮ ਗੋਇਲ ਲਹਿਲ ਕਲਾਂ ਵਾਲੇ, ਸੰਜੇ ਗਰਗ, ਪ੍ਰਮੋਦ ਕੁਮਾਰ ਅਤੇ ਹੋਰ ਆੜ੍ਹਤੀ ਮੌਜੂਦ ਸਨ।