ਕੇਂਦਰੀ ਮੁਲਾਜ਼ਮਾਂ ਦੇ ਡੀ.ਏ. ਵਿਚ 3 ਫ਼ੀਸਦੀ ਵਾਧਾ ਕਰਨ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਫ਼ੈਸਲੇ ਦਾ ਕੀਤਾ ਸਵਾਗਤ
ਤਪਾ ਮੰਡੀ, 1 ਨਵੰਬਰ (ਪ੍ਰਵੀਨ ਗਰਗ)-ਹਲਕਾ ਭਦੌੜ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਡਾ: ਭਗਵਾਨ ਸਿੰਘ ਸੇਵਾ ਮੁਕਤ ਐਸ. ਐਮ.
ਤਪਾ ਮੰਡੀ, 1 ਨਵੰਬਰ (ਪ੍ਰਵੀਨ ਗਰਗ)-ਹਲਕਾ ਭਦੌੜ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਡਾ: ਭਗਵਾਨ ਸਿੰਘ ਸੇਵਾ ਮੁਕਤ ਐਸ.ਐਮ.ਓ. ਨੇ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀ.ਏ.) ਵਿਚ 3 ਫ਼ੀਸਦੀ ਵਾਧਾ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ’ਤੇ ਸੂਬੇ ਦੇ ਮੁਲਾਜ਼ਮਾਂ ਨੂੰ ਵੀ ਕੇਂਦਰ ਦੀ ਤਰਜ਼ ’ਤੇ 63 ਫ਼ੀਸਦੀ ਡੀ.ਏ. ਦਿੱਤਾ ਜਾਵੇਗਾ। ਜਦ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਅਜੇ ਤੱਕ 60 ਪ੍ਰਤੀਸ਼ਤ ਡੀ.ਏ. ਵੀ ਨਹੀਂ ਦਿੱਤਾ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਆਪਣੇ ਮੁਲਾਜ਼ਮਾਂ ਨੂੰ ਕੇਂਦਰੀ ਮੁਲਾਜ਼ਮਾਂ ਦੇ ਬਰਾਬਰ ਡੀ.ਏ. ਦੇਣ ਦੇ ਨਿਰਦੇਸ਼ ਦਿੱਤੇ ਸਨ, ਪਰ ਸਰਕਾਰ ਨੇ ਇਨ੍ਹਾਂ ਹੁਕਮਾਂ ਦੀ ਪਾਲਨਾ ਨਹੀਂ ਕੀਤੀ। ਉਨ੍ਹਾਂ ਕਿਹਾ ਸੂਬੇ ਦੇ ਸਰਕਾਰੀ ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਹਨ ਅਤੇ ਸੂਬੇ ਦੇ ਲਗਭਗ ਅੱਠ ਲੱਖ ਮੁਲਾਜ਼ਮ ਆਪਣੇ ਹੱਕ ਲੈਣ ਲਈ ਸੜਕਾਂ ’ਤੇ ਸੰਘਰਸ਼ ਕਰ ਰਹੇ ਹਨ, ਜਦ ਕਿ ਸਰਕਾਰ ਆਪਣੀ ਜ਼ਿੱਦ ’ ਤੇ ਅੜੀ ਹੋਈ ਹੈ। ਪੰਜਾਬ ਸਰਕਾਰ ਕਾਨੂੰਨੀ ਅਤੇ ਅਦਾਲਤੀ ਚੱਕਰਾਂ ’ਚ ਉਲਝਾ ਕੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ’ਤੇ ਮੁਲਾਜ਼ਮਾਂ ਨੂੰ ਡੀ.ਏ. ਦਾ ਬਕਾਇਆ ਵੀ ਅਦਾ ਕੀਤਾ ਜਾਵੇਗਾ। ਇਸ ਮੌਕੇ ਮੰਡਲ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ, ਐਡਵੋਕੇਟ ਸੁਖਵਿੰਦਰ ਸਿੰਘ, ਸੰਦੀਪ ਭੈਣੀ ਆਦਿ ਮੌਜੂਦ ਸਨ।