ਰੂਟਸ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੇ ਗੱਡੇ ਜਿੱਤ ਦੇ ਝੰਡੇ
ਤਨੀਸ਼ਾ ਗਿੱਲ ਨੇ ਹਿੰਦੀ ਸੋਲੋ ਡਾਂਸ ਵਿੱਚ ਪਹਿਲਾ ਅਤੇ ਜੈਸ਼ਵੀਨ ਕੌਰ ਨੇ ਪੰਜਾਬੀ ਸੋਲੋ ਡਾਂਸ ਵਿੱਚ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਕੀਤਾ ਰੌਸ਼ਨ
ਖਨੌਰੀ, 21 ਨਵੰਬਰ (ਬਲਵਿੰਦਰ ਸਿੰਘ ਥਿੰਦ)-ਸਹੋਦਿਆ ਸਕੂਲ ਕੰਪਲੈਕਸ ਸੰਗਰੂਰ ਵਲੋਂ ਅਲਪਾਈਨ ਪਬਲਿਕ ਸਕੂਲ, ਭਵਾਨੀਗੜ੍ਹ ਵਿਖੇ ਕਰਵਾਏ ਗਏ ਸੋਲੋ ਡਾਂਸ ਮੁਕਾਬਲਿਆਂ ਵਿੱਚ ਦ ਰੂਟਸ ਮਿਲੇਨੀਅਮ ਸਕੂਲ, ਖਨੌਰੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਦੋ ਅਹਿਮ ਸਥਾਨ ਹਾਸਲ ਕਰਕੇ ਸਕੂਲ ਅਤੇ ਖਨੌਰੀ ਇਲਾਕੇ ਦਾ ਨਾਮ ਰੌਸ਼ਨ ਕੀਤਾ।
ਖਨੌਰੀ, 21 ਨਵੰਬਰ (ਬਲਵਿੰਦਰ ਸਿੰਘ ਥਿੰਦ)-ਸਹੋਦਿਆ ਸਕੂਲ ਕੰਪਲੈਕਸ ਸੰਗਰੂਰ ਵਲੋਂ ਅਲਪਾਈਨ ਪਬਲਿਕ ਸਕੂਲ, ਭਵਾਨੀਗੜ੍ਹ ਵਿਖੇ ਕਰਵਾਏ ਗਏ ਸੋਲੋ ਡਾਂਸ ਮੁਕਾਬਲਿਆਂ ਵਿੱਚ ਦ ਰੂਟਸ ਮਿਲੇਨੀਅਮ ਸਕੂਲ, ਖਨੌਰੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਦੋ ਅਹਿਮ ਸਥਾਨ ਹਾਸਲ ਕਰਕੇ ਸਕੂਲ ਅਤੇ ਖਨੌਰੀ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲ ਦੇ ਕੁੱਲ ਤਿੰਨ ਵਿਦਿਆਰਥੀਆਂ ਨੇ ਅਧਿਆਪਕ ਸੁਨੀਲ ਕੁਮਾਰ ਦੀ ਰਹਿਨੁਮਾਈ ਹੇਠ ਪੂਰੇ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨਾਲ ਭਾਗ ਲਿਆ। ਮੁਕਾਬਲੇ ਦੌਰਾਨ ਹਿੰਦੀ ਸੋਲੋ ਡਾਂਸ ਸ਼੍ਰੇਣੀ ਵਿੱਚ ਨੌਵੀਂ ਜਮਾਤ ਦੀ ਵਿਦਿਆਰਥਣ ਤਨੀਸ਼ਾ ਗਿੱਲ ਨੇ ਆਪਣੀ ਸ਼ਾਨਦਾਰ ਕਲਾ, ਬਿਹਤਰੀਨ ਅਦਾਕਾਰੀ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਸਦਕਾ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੰਜਾਬੀ ਸੋਲੋ ਡਾਂਸ ਸ਼੍ਰੇਣੀ ਵਿੱਚ ਛੇਵੀਂ ਜਮਾਤ ਦੀ ਵਿਦਿਆਰਥਣ ਜੈਸ਼ਵੀਨ ਕੌਰ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ। ਦੋਵਾਂ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਨਾਲ ਸਕੂਲ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਵਿਦਿਆਰਥੀਆਂ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਦੇ ਪ੍ਰਬੰਧਕ ਡਾ. ਸੰਨੀ ਮਹਿਤਾ, ਡਾ. ਸ਼ਵੇਤਾ ਮਹਿਤਾ, ਸ੍ਰੀ ਸੰਜੀਵ ਸਿੰਗਲਾ ਅਤੇ ਸ੍ਰੀਮਤੀ ਰੇਖਾ ਰਾਣੀ ਨੇ ਜੇਤੂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਦਾ ਨਤੀਜਾ ਹੁੰਦੀਆਂ ਹਨ। ਇਸ ਮੌਕੇ ਸਕੂਲ ਮੁਖੀ ਡਾ. ਰਮਨਦੀਪ ਕੌਰ ਨੇ ਵੀ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਵਿੱਚ ਭਾਗ ਲੈਣਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹੈ।