ਮੱਖੂ, 2 ਜਨਵਰੀ (ਕੁਲਵਿੰਦਰ ਸਿੰਘ ਸੰਧੂ)-ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਬੀਤੇ ਕੱਲ੍ਹ ਨਵੇਂ ਸਾਲ ਵਾਲੇ ਦਿਨ ਹਰੀਕੇ ਹੈੱਡ ਵਰਕਸ 'ਤੇ ਹੜ੍ਹ ਪੀੜਤ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪੱਕੇ ਮੋਰਚੇ ਲਾ ਦਿੱਤੇ ਸਨ | ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ 50 ਕਰੀਬ ਹੜ੍ਹ ਪੀੜਿਤ ਕਿਸਾਨ ਭੁੱਖ ਹੜਤਾਲ 'ਤੇ ਬੈਠੇ ਸਨ ਜੋ ਬਾਅਦ 'ਚ ਹਰੀਕੇ ਹੈੱਡ ਵਰਕਸ ਜਿਥੇ ਫਲੱਡ ਲਈ ਗੇਟ ਖੋਲੇ੍ਹ ਜਾਂਦੇ ਹਨ ਉਸ ਦੇ ਉੱਪਰ ਚੜ੍ਹ ਕੇ ਬੈਠ ਗਏ ਸਨ ਅਤੇ ਸਾਰੇ ਕਿਸਾਨਾਂ ਨੇ ਰਾਤ ਉੱਪਰ ਹੀ ਗੁਜ਼ਾਰੀ ਅਤੇ ਅੱਜ ਹੜ੍ਹ ਪ੍ਰਭਾਵਿਤ ਕਿਸਾਨਾਂ ਦਾ ਧਰਨਾ ਦੂਜੇ ਦਿਨ 'ਚ ਦਾਖਲ ਹੋ ਗਿਆ ਅਤੇ ਧਰਨਾ ਜਾਰੀ ਹੈ | ਹੜ੍ਹ ਪ੍ਰਭਾਵਿਤ ਕਿਸਾਨਾਂ ਨੇ ਐਲਾਨ ਕੀਤਾ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਉੱਪਰ ਹੀ ਬੈਠੇ ਰਹਾਂਗੇ | ਹੜ੍ਹ ਪ੍ਰਭਾਵਿਤ ਕਿਸਾਨਾਂ ਨੇ ਕਿਹਾ ਕਿ ਜੇਕਰ ਸਾਨੂੰ ਪ੍ਰਸ਼ਾਸਨ ਵਲੋਂ ਤੰਗ ਪ੍ਰੇਸ਼ਾਨ ਕੀਤਾ ਤਾਂ ਅਸੀਂ ਦਰਿਆ 'ਚ ਛਾਲਾਂ ਮਾਰ ਦੇਵਾਂਗੇ ਕਿਉਂਕਿ ਦਰਿਆ ਹਰ ਵਾਰ ਸਾਡੀਆਂ ਜ਼ਮੀਨਾਂ ਬਰਬਾਦ ਕਰ ਜਾਂਦਾ ਹੈ ਤੇ ਸਾਨੂੰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਅÏਖਾ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਹ ਧਰਨਾ ਲਗਾਉਣਾ ਸਾਡਾ ਕੋਈ ਸ਼ੌਕ ਨਹੀਂ ਅਸੀਂ ਮਜਬੂਰੀ 'ਚ ਆਪਣੀ ਆਵਾਜ਼ ਸਰਕਾਰਾਂ ਦੇ ਕੰਨਾਂ ਵਿਚ ਪਹੁੰਚਾਉਣ ਲਈ ਇਹ ਆਪਣਾ ਸੰਘਰਸ਼ ਲੜ ਰਹੇ ਹਾਂ | ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਕੱਲ੍ਹ ਤੋਂ 31 ਦੇ ਕਰੀਬ ਹੜ੍ਹ ਪੀੜਤ ਭੁੱਖ ਹੜਤਾਲ 'ਤੇ ਹੈੱਡ ਵਰਕਰ ਦੇ ਉੱਪਰ ਬੈਠਣਗੇ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੀ ਧਰਨੇ ਨੂੰ ਸਮਰਥਨ ਦੇਣ ਦਾ ਐਲਾਨ ਕਰ ਚੁੱਕੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਉਹ ਵੀ ਸਾਡੇ ਇਸ ਪੱਕੇ ਮੋਰਚੇ ਦਾ ਹਿੱਸਾ ਬਣਨਗੇ |