ਗੁਰੂਹਰਸਹਾਏ, 3 ਜਨਵਰੀ (ਕਪਿਲ ਕੰਧਾਰੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਗੁਰੂਹਰਸਹਾਏ ਦੇ ਵੱਖ-ਵੱਖ ਪਿੰਡਾਂ ਵਿਚ ਮੋਟਰਸਾਈਕਲ ਝੰਡਾ ਮਾਰਚ ਦੀ ਅਗਵਾਈ ਬੀ.ਕੇ.ਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਸੁਰਜੀਤ ਸਿੰਘ, ਬਲਾਕ ਆਗੂ ਸੁਲ੍ਹਾ ਅਤੇ ਸੰਤਪਾਲ ਸਿੰਘ ਰੀਟਾ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਸੁਖਦੇਵ ਪੰਜੇ ਕੇ ਬੀ.ਕੇ.ਯੂ ਡਕੌਂਦਾ ਬੁਰਜ ਗਿੱਲ ਦੇ ਸੂਰਜ ਪ੍ਰਕਾਸ਼ ਜ਼ਿਲ੍ਹਾ ਪ੍ਰਧਾਨ, ਰਤਨ ਸਿੰਘ, ਰਾਜ ਸਿੰਘ ਪ੍ਰੈੱਸ ਸਕੱਤਰ, ਨਰੇਸ਼ ਸੇਠੀ ਪੈਨਸ਼ਨ ਯੂਨੀਅਨ, ਸ਼ਿੰਗਾਰ ਚੰਦ, ਸੁਰਿੰਦਰ ਕੁਮਾਰ, ਕਰਨ ਕੁਮਾਰ, ਟੈਕਨੀਕਲ ਸਰਵਿਸ ਯੂਨੀਅਨ, ਚਰਨਜੀਤ ਸਿੰਘ ਛਾਂਗਾ ਰਾਏ, ਰਾਜ ਕੁਮਾਰ ਬਹਾਦਰ ਦੇ ਢੋਲਾ ਮਾਹੀ, ਬਲਾਕ ਪ੍ਰਧਾਨ ਗੁਰਮੀਤ ਸਿੰਘ ਮੋਠਾਂ ਵਾਲਾ ਨੇ ਕੀਤੀ | ਇਹ ਮੋਟਰਸਾਈਕਲ ਝੰਡਾ ਮਾਰਚ ਗੁਰੂਹਰਸਹਾਏ ਤੋਂ ਸ਼ੁਰੂ ਹੋ ਕੇ ਮੋਹਨ ਕੇ ਉਤਾੜ, ਮੋਹਨ ਕੇ ਹਿਠਾੜ ਆਦਿ ਵੱਖ-ਵੱਖ ਪਿੰਡਾਂ ਵਿਚ ਹੋ ਕੇ ਵਾਪਸ ਗੁਰੂਹਰਸਹਾਏ ਵਿਖੇ ਆਕੇ ਸਮਾਪਤ ਹੋਇਆ | ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਤਿੰਨ ਕਾਲੇ ਖੇਤੀ ਕਾਨੰੂਨਾਂ ਦੀ ਤਰ੍ਹਾਂ ਬਿਜਲੀ ਸੋਧ ਅਤੇ ਬੀਜ ਬਿੱਲ ਲਿਆ ਕੇ ਕਿਸਾਨਾਂ ਅਤੇ ਆਮ ਜਨਤਾ ਦਾ ਘਾਣ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਵਿਰੋਧੀ ਅਤੇ ਕਿਸਾਨ ਵਿਰੋਧੀ ਬਿੱਲਾ ਦੇ ਲਾਗੂ ਹੋਣ ਨਾਲ ਬਿਜਲੀ ਕਈ ਗੁਣਾ ਮਹਿੰਗੀ ਹੋ ਜਾਵੇਗੀ ਅਤੇ ਚਿੱਪ ਵਾਲੇ ਮੀਟਰਾਂ ਰਾਹੀ ਮਿਲਿਆ ਕਰੇਗੀ ਜੋ ਆਮ ਜਨਤਾ ਦੀ ਪਹੁੁੰਚ ਤੋਂ ਬਾਹਰ ਹੋਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਬੀਜ ਬਿੱਲ ਦੇ ਲਾਗੂ ਹੋਣ ਨਾਲ ਆਮ ਅਤੇ ਛੋਟੇ ਕਿਸਾਨਾਂ ਕੋਲੋਂ ਆਪਣੇ ਘਰ ਦੇ ਬੀਜ ਬਣਾ ਕੇ ਖੇਤੀ ਕਰਨ ਦਾ ਅਧਿਕਾਰ ਸਦਾ ਲਈ ਖੁੱਸ ਜਾਵੇਗਾ ਅਤੇ ਵੱਡੀਆਂ ਕਾਰਪੋਰੇਟ ਕੰਪਨੀਆਂ ਆਪਣੇ ਮੁਨਾਫ਼ੇ ਲਈ ਆਪਣੇ ਬੀਜ ਤਿਆਰ ਕਰਕੇ ਕਿਸਾਨਾਂ ਨੂੰ ਵੇਚਣਗੀਆਂ ਅਤੇ ਮੋਟੇ ਮੁਨਾਫ਼ੇ ਕਮਾਉਣਗੀਆਂ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣਾ ਇਹ ਫ਼ਰਮਾਨ ਵਾਪਸ ਨਹੀਂ ਲੈਂਦੀ ਤਾਂ ਕਿਸਾਨ ਇਸ ਤੋਂ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਉਨ੍ਹਾਂ ਕਿਹਾ ਕਿ ਆਉਣ ਵਾਲੀ 16 ਜਨਵਰੀ ਨੂੰ ਡੀ.ਸੀ ਦਫ਼ਤਰਾਂ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ |