ਫ਼ਿਰੋਜ਼ਪੁਰ, 3 ਜਨਵਰੀ (ਰਾਕੇਸ਼ ਚਾਵਲਾ)-ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼ਹਿਰ ਅਤੇ ਛਾਉਣੀ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ | ਜਿਸ ਦੇ ਨਾਲ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਪ੍ਰਭਾਤ ਫੇਰੀਆਂ ਵੀ ਕੱਢੀਆਂ ਗਈਆਂ, ਉੱਥੇ ਨਗਰ ਕੀਰਤਨ ਵੀ ਸਜਾਏ ਗਏ | ਇਸ ਦੇ ਚੱਲਦੇ ਫ਼ਿਰੋਜ਼ਪੁਰ ਛਾਉਣੀ ਦੇ ਖ਼ਾਲਸਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਛਾਉਣੀ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਵਾਪਸ ਦੇਰ ਸ਼ਾਮ ਗੁਰਦਵਾਰਾ ਸਾਹਿਬ ਵਿਖੇ ਪਹੰੁਚਿਆ | ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ ਨਗਰ ਕੀਰਤਨ ਬਾਰੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਤਿੰਦਰਜੀਤ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਵਿਚ ਵੱਡੀ ਸੰਖਿਆ 'ਚ ਸੰਗਤਾਂ ਨੇ ਭਾਗ ਲਿਆ | ਨਗਰ ਕੀਰਤਨ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ ਅਤੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਨਗਰ ਕੀਰਤਨ ਦੌਰਾਨ ਗਤਕਾ ਟੀਮ ਨੇ ਆਪਣੇ ਵੱਖਰੇ ਅੰਦਾਜ਼ ਵਿਚ ਜੌਹਰ ਦਿਖਾਏ, ਸੰਗਤਾਂ ਵਲੋਂ ਸ਼ਬਦ ਕੀਰਤਨ ਕਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕਵਿਤਾਵਾਂ ਸੁਣਾਈਆਂ ਗਈਆਂ | ਪ੍ਰਧਾਨ ਸਤਿੰਦਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਅੱਜ 3 ਜਨਵਰੀ ਨੂੰ ਆਰੰਭ ਕੀਤਾ ਗਿਆ ਹੈ, ਜਿਸ ਦੇ ਭੋਗ 5 ਜਨਵਰੀ ਨੂੰ ਸਵੇਰੇ 8.30 ਵਜੇ ਪਾਏ ਜਾਣਗੇ | ਉਨ੍ਹਾਂ ਦੱਸਿਆ ਕਿ ਭੋਗ ਉਪਰੰਤ ਵੱਖ-ਵੱਖ ਕੀਰਤਨੀਏ ਜਥਿਆਂ ਅਤੇ ਕਥਾ ਵਾਚਕਾਂ ਵਲੋਂ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਇਸ ਮੌਕੇ ਪ੍ਰਬੰਧਕ ਕਮੇਟੀ ਖ਼ਾਲਸਾ ਗੁਰਦੁਆਰਾ ਫ਼ਿਰੋਜ਼ਪੁਰ ਛਾਉਣੀ ਦੇ ਮੈਂਬਰ ਅਤੇ ਛਾਉਣੀ ਦੀਆਂ ਵੱਡੀ ਸੰਖਿਆ ਵਿਚ ਸੰਗਤਾਂ ਹਾਜ਼ਰ ਸਨ |