ਮੁੱਦਕੀ, 4 ਜਨਵਰੀ (ਭਾਰਤ ਭੂਸ਼ਨ ਅਗਰਵਾਲ)-ਬਜ਼ੁਰਗ ਯਾਤਰੀਆਂ ਲਈ ਆਰਥਿਕ ਤੌਰ 'ਤੇ ਮਦਦਗਾਰ ਰੇਲ ਸਫ਼ਰ ਕੋਰੋਨਾ ਮਹਾਂਮਾਰੀ ਤੋਂ ਬਾਅਦ ਹੁਣ ਮਹਿੰਗਾ ਪੈ ਰਿਹਾ ਹੈ, ਕਿਉਂਕਿ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਭਾਰਤੀਯ ਰੇਲਵੇ 58 ਸਾਲਾਂ ਤੋਂ ਵੱਧ ਉਮਰ ਦੀ ਮਹਿਲਾ ਸਵਾਰੀ ਤੇ 60 ਸਾਲਾਂ ਤੋਂ ਉੱਪਰ ਮਰਦ ਸਵਾਰੀ ਨੂੰ ਰੇਲ ਗੱਡੀ ਦੇ ਕਿਰਾਏ 'ਚ ਵਿਸ਼ੇਸ਼ ਛੋਟ ਦਿੰਦਾ ਸੀ | ਜਿਸ ਅਨੁਸਾਰ ਰੇਲ ਕਿਰਾਏ 'ਚ ਮਹਿਲਾਵਾਂ ਨੂੰ 50 ਫੀਸਦੀ ਤੇ ਮਰਦਾਂ ਨੂੰ 40 ਫੀਸਦੀ ਤੱਕ ਛੋਟ ਮਿਲਦੀ ਸੀ, ਜੋ ਕੋਰੋਨਾ ਮਹਾਂਮਾਰੀ ਦੇ ਦੌਰਾਨ ਵਿੱਤੀ ਬੋਝ ਦੇ ਚੱਲਦੇ ਯਾਤਰੀਆਂ ਦੀ ਘਾਟ ਕਾਰਨ ਇਹ ਸੁਵਿਧਾ 20 ਮਾਰਚ 2020 ਤੋਂ ਬੰਦ ਕਰ ਦਿੱਤੀ ਗਈ ਹੈ, ਜੋ ਅਜੇ ਤੱਕ ਚਾਲੂ ਨਹੀਂ ਕੀਤੀ ਗਈ, ਜਿਸ ਕਾਰਨ ਬਜ਼ੁਰਗ ਯਾਤਰੀਆਂ ਨੂੰ ਕਿਰਾਏ 'ਚ ਵਿਸ਼ੇਸ਼ ਛੋਟ ਨਾ ਮਿਲਣ ਕਾਰਨ ਉਨ੍ਹਾਂ ਨੂੰ ਮਹਿੰਗਾ ਸਫ਼ਰ ਕਰਨਾ ਪੈਂਦਾ ਹੈ | ਇਹ ਜਾਣਕਾਰੀ ਸਮਾਜ ਸੇਵੀ ਫ਼ਕੀਰ ਚੰਦ ਅਗਰਵਾਲ ਆੜ੍ਹਤੀਆ, ਜਸਵਰਨ ਸਿੰਘ ਔਲਖ, ਰਾਮ ਕੁਮਾਰ ਅਗਰਵਾਲ ਆੜ੍ਹਤੀਆ, ਸਤੀਸ਼ ਅਗਰਵਾਲ, ਰਵਿੰਦਰ ਕੁਮਾਰ ਗਰਗ, ਭਾਰਤ ਭੂਸ਼ਨ ਗੁਪਤਾ ਨੇ ਦਿੰਦਿਆਂ ਕਿਹਾ ਕਿ ਭਾਰਤੀਯ ਰੇਲਵੇ ਹੁਣ ਪਿਛਲੇ 4 ਸਾਲਾਂ ਤੋਂ ਆਪਣੇ ਬਜਟ ਤੋਂ ਵੱਧ ਫ਼ਾਇਦੇ ਵਿਚ ਹੈ, ਜਿਸ ਕਰਕੇ ਬਜ਼ੁਰਗਾਂ ਦੇ ਰੇਲ ਸੇਵਾਵਾਂ 'ਚ ਫਿਰ ਤੋਂ ਛੋਟ ਜਾਰੀ ਕੀਤੀ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਈ ਵਾਰ ਸੰਸਦ ਭਵਨ 'ਚ ਕਿਹਾ ਹੈ ਕਿ ਰੇਲ ਯਾਤਰੀਆਂ ਨੂੰ ਪਹਿਲਾਂ ਹੀ ਸਬਸਿਡੀ ਦਿੱਤੀ ਜਾ ਰਹੀ ਹੈ, ਇਸ ਲਈ ਇਹ ਛੋਟ ਬਹਾਲ ਨਹੀਂ ਕੀਤੀ ਜਾ ਸਕਦੀ | ਸਮਾਜ ਸੇਵੀ ਆਗੂਆਂ ਨੇ ਕਿਹਾ ਕਿ ਸੰਸਦ ਕਮੇਟੀ ਨੇ ਸਲੀਪਰ ਅਤੇ 3 ਏ. ਸੀ. ਸ਼੍ਰੇਣੀਆਂ 'ਚ ਰਾਹਤ ਬਹਾਲ ਕਰਨ ਦੀ ਸਰਕਾਰ ਨੂੰ ਸਲਾਹ ਦਿੱਤੀ ਸੀ, ਪਰ ਸਰਕਾਰ ਨੇ ਅਜੇ ਤੱਕ ਕੋਈ ਫ਼ੈਸਲਾ ਨਾ ਲੈਂਦੇ ਹੋਏ ਕਿਹਾ ਕਿ ਸਰਕਾਰ ਸੀਨੀਅਰ ਯਾਤਰੀਆਂ ਦੇ ਲਈ 1600 ਕਰੋੜ ਰੁਪਏ ਦਾ ਬੋਝ ਨਹੀਂ ਉਠਾ ਸਕਦੀ | ਉਨ੍ਹਾਂ ਨੇ ਕਿਹਾ ਕਿ ਬਜ਼ੁਰਗ ਸਾਡੀ ਦੇਸ਼ ਦੀ ਵਿਰਾਸਤ ਹਨ, ਜਿਨ੍ਹਾਂ ਆਪਣਾ ਜੀਵਨ ਦੇਸ਼ ਨੂੰ ਦਿੱਤਾ ਹੈ, ਉਨ੍ਹਾਂ ਕੋਲ ਇਹ ਸੁਵਿਧਾ ਖੋਹਣਾ ਠੀਕ ਨਹੀਂ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਬਜ਼ੁਰਗ ਯਾਤਰੀਆਂ ਦੇ ਕਿਰਾਏ 'ਤੇ ਵਿਸ਼ੇਸ਼ ਛੋਟ ਦੁਬਾਰਾ ਤੋਂ ਦਿੱਤੀ ਜਾਵੇ |