ਮੰਡੀ ਅਰਨੀਵਾਲਾ, 4 ਜਨਵਰੀ (ਨਿਸ਼ਾਨ ਸਿੰਘ ਮੋਹਲ਼ਾ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੀ ਵਲੋਂ ਪੁਲਿਸ ਥਾਣਾ ਅਰਨੀਵਾਲਾ ਦੇ ਅੱਗੇ ਧਰਨਾ ਦਿੱਤਾ ਗਿਆ | ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ, ਜਨਰਲ ਸਕੱਤਰ ਲਖਵਿੰਦਰ ਸਿੰਘ ਸ਼ਾਹਪੁਰਾ, ਕਾਕਾ ਚਹਿਲ ਬੁਰਜ ਹਨੂਮਾਨਗੜ੍ਹ ਤੇ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਵਲੋਂ ਪਿੰਡ ਘਟਿਆ ਵਾਲੀ ਜੱਟਾਂ ਨਾਲ ਸੰਬੰਧਿਤ ਉਨ੍ਹਾਂ ਦੀ ਜਥੇਬੰਦੀ ਦੇ ਤਿੰਨ ਵਰਕਰਾਂ 'ਤੇ ਗ਼ਲਤ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਜਥੇਬੰਦੀ ਵਲੋਂ ਪਹਿਲਾਂ ਤੋਂ ਹੀ ਪੁਲਿਸ ਨੂੰ ਕਿਹਾ ਗਿਆ ਸੀ ਕਿ ਕਿਸਾਨਾਂ ਉੱਪਰ ਮਾਮਲਾ ਗ਼ਲਤ ਦਰਜ ਕੀਤਾ ਗਿਆ ਹੈ | ਪੁਲਿਸ ਅੱਗੇ ਇਸ ਸੰਬੰਧੀ ਤੱਥ ਵੀ ਪੇਸ਼ ਕੀਤੇ ਗਏ ਪਰ ਪੁਲਿਸ ਨੇ ਕਰੀਬ ਛੇ ਮਹੀਨਿਆਂ ਮਗਰੋਂ ਵੀ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਤੇ ਕਿਸਾਨਾਂ ਦੇ ਪਰਚੇ ਵਿਚ ਪਾਏ ਗਏ ਝੂਠੇ ਨਾਂਅ ਬਾਹਰ ਨਹੀਂ ਕੱਢੇ ਗਏ | ਜਿਸ ਨੂੰ ਲੈ ਕੇ ਅੱਜ ਜਥੇਬੰਦੀ ਵਲੋਂ ਪੁਲਿਸ ਥਾਣੇ ਅੱਗੇ ਧਰਨਾ ਦਿੱਤਾ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਫਿਰ ਵੀ ਕੋਈ ਸੁਣਵਾਈ ਨਾ ਕੀਤੀ ਤਾਂ ਇਹ ਧਰਨਾ ਲਗਾਤਾਰ ਜਾਰੀ ਰਹੇਗਾ | ਧਰਨੇ 'ਚ ਪਿੰਦਰ ਸਿੰਘ ਨੂਰਪੁਰਾ, ਰਾਜੂ ਸ਼ਾਹਪੁਰ ਤੇ ਹੋਰ ਵੀ ਹਾਜ਼ਰ ਸਨ |