ਜਲਾਲਾਬਾਦ, 4 ਜਨਵਰੀ (ਜਤਿੰਦਰ ਪਾਲ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਕੌਰ ਵਲੋਂ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਇਕ ਅਹਿਮ ਮੀਟਿੰਗ ਕੀਤੀ, ਜਿਸ ਦਾ ਮੁੱਖ ਉਦੇਸ਼ ਖੇਤੀਬਾੜੀ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਤੇ ਖੇਤੀਬਾੜੀ ਵਿਕਾਸ, ਕਿਸਾਨ ਹਿਤਾਂ ਤੇ ਆਧੁਨਿਕ ਖੇਤੀ ਨੂੰ ਉਤਸ਼ਾਹਿਤ ਕਰਨਾ ਸੀ | ਮੀਟਿੰਗ ਦੌਰਾਨ ਸਮੂਹ ਸਟਾਫ਼ ਨੂੰ ਸੰਬੋਧਨ ਕਰਦਿਆਂ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਖੇਤੀਬਾੜੀ ਸਿਰਫ਼ ਰੋਜ਼ੀ-ਰੋਟੀ ਦਾ ਸਾਧਨ ਨਹੀਂ ਹੈ, ਸਗੋਂ ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ | ਕਿਸਾਨਾਂ ਦੀ ਖ਼ੁਸ਼ਹਾਲੀ ਨਾਲ ਹੀ ਸੂਬੇ ਤੇ ਦੇਸ਼ ਦਾ ਵਿਕਾਸ ਸੰਭਵ ਹੈ, ਇਸ ਲਈ ਵਿਭਾਗ ਦੀ ਹਰ ਯੋਜਨਾ ਤੇ ਕਾਰਜ ਖੇਤੀ ਸੁਧਾਰ ਅਤੇ ਕਿਸਾਨ ਭਲਾਈ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ | ਮੀਟਿੰਗ ਦੌਰਾਨ ਉਨ੍ਹਾਂ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਰਕਾਰੀ ਸਕੀਮਾਂ ਦੀ ਜਾਣਕਾਰੀ ਹਰ ਕਿਸਾਨ ਤੱਕ ਸਰਲ ਭਾਸ਼ਾ 'ਚ ਪਹੁੰਚਾਈ ਜਾਵੇ | ਫ਼ਸਲੀ ਵਿਭਿੰਨਤਾ, ਕੁਦਰਤੀ ਖੇਤੀ ਤੇ ਪਾਣੀ ਦੀ ਬੱਚਤ ਦੀਆਂ ਤਕਨੀਕਾਂ ਨੂੰ ਪਹਿਲ ਦਿੱਤੀ ਜਾਵੇ | ਕਿਸਾਨਾਂ ਨੂੰ ਮਿੱਟੀ ਦੀ ਪਰਖ, ਬੀਜਾਂ ਦੀ ਗੁਣਵੱਤਾ, ਖਾਦਾਂ ਦੀ ਸੰਤੁਲਿਤ ਵਰਤੋਂ ਤੇ ਕੀਟਨਾਸ਼ਕਾਂ ਦੀ ਸਹੀ ਵਰਤੋਂ ਬਾਰੇ ਤਕਨੀਕੀ ਮਾਰਗ ਦਰਸ਼ਨ ਦਿੱਤਾ ਜਾਵੇ | ਖੇਤੀ ਨਾਲ ਸੰਬੰਧਿਤ ਸਮੱਸਿਆਵਾਂ ਦਾ ਹੱਲ ਸਮਾਂਬੱਧ ਤੇ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾਵੇ | ਨੌਜਵਾਨਾਂ ਨੂੰ ਖੇਤੀ ਆਧਾਰਿਤ ਸਟਾਰਟ-ਅੱਪ, ਡੇਅਰੀ, ਬਾਗ਼ਬਾਨੀ ਤੇ ਐਗਰੀ-ਬਿਜ਼ਨਸ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਜਾਵੇ | ਡਾ. ਹਰਪ੍ਰੀਤ ਨੇ ਇਹ ਵੀ ਕਿਹਾ ਕਿ ਵਿਭਾਗ ਨੂੰ ਕਿਸਾਨਾਂ ਤੇ ਖੇਤੀ ਵਿਗਿਆਨੀਆਂ ਵਿਚਕਾਰ ਇਕ ਮਜ਼ਬੂਤ ਪੁਲ ਵਜੋਂ ਕੰਮ ਕਰਨਾ ਚਾਹੀਦਾ ਹੈ, ਤਾਂ ਜੋ ਖੇਤੀ 'ਚ ਨਵੀਆਂ ਖੋਜਾਂ ਤੇ ਤਕਨੀਕਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚ ਸਕੇ | ਉਨ੍ਹਾਂ ਸਟਾਫ਼ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕਿਸਾਨਾਂ ਦੀਆਂ ਸ਼ਿਕਾਇਤਾਂ ਤੇ ਸੁਝਾਵਾਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਫ਼ੀਲਡ ਪੱਧਰ 'ਤੇ ਸਰਗਰਮੀ ਵਧਾਈ ਜਾਵੇ | ਮੀਟਿੰਗ 'ਚ ਹਾਜ਼ਰ ਖੇਤੀਬਾੜੀ ਵਿਸਤਾਰ ਅਫ਼ਸਰਾਂ, ਕਲਰਕ ਸਟਾਫ਼ ਤੇ ਫ਼ੀਲਡ ਮੁਲਾਜ਼ਮਾਂ ਨੇ ਖੇਤੀ ਸੁਧਾਰਾਂ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ | ਮੀਟਿੰਗ ਦੇ ਅੰਤ 'ਚ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਨਵੇਂ ਸਾਲ 'ਚ ਸਾਡਾ ਸੰਕਲਪ ਹੋਣਾ ਚਾਹੀਦਾ ਹੈ ਕਿ ਅਸੀਂ ਖੇਤੀ ਨੂੰ ਲਾਹੇਵੰਦ, ਟਿਕਾਊ ਤੇ ਆਧੁਨਿਕ ਬਣਾਈਏ |