ਫ਼ਾਜ਼ਿਲਕਾ, 4 ਜਨਵਰੀ (ਦਵਿੰਦਰ ਪਾਲ ਸਿੰਘ)-ਦਿੱਲੀ ਦੇ ਕਰਨੈਲ ਸਿੰਘ ਸਟੇਡੀਅਮ 'ਚ ਸਮਾਪਤ ਹੋਈਆਂ ਮਾਰਸ਼ਲ ਆਰਟਸ ਨੈਸ਼ਨਲ ਚੈਂਪੀਅਨਸ਼ਿਪ 'ਚ ਜਲਾਲਾਬਾਦ ਦੇ ਨੇੜਲੇ ਪਿੰਡ ਮਾਹਮੂ ਜੋਈਆ ਦੇ ਇਕ ਬੱਚੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਲਾਲਾਬਾਦ ਦੇ ਸ੍ਰੀ ਚੈਤੰਨਿਆ ਟੈਕਨੋ ਸਕੂਲ ਦੇ ਛੇਵੀਂ ਜਮਾਤ ਦੇ ਬੱਚੇ ਮਨਨ ਕੰਬੋਜ ਨੇ ਇਸ ਨੈਸ਼ਨਲ ਪੱਧਰ ਦੇ ਮੁਕਾਬਲਿਆਂ 'ਚ ਭਾਗ ਲੈ ਰਹੇ ਵੱਖ-ਵੱਖ ਸੂਬਿਆਂ ਦੇ ਖਿਡਾਰੀਆਂ ਨੂੰ ਪਛਾੜਿਆ ਤੇ ਸੋਨ ਤਗਮਾ ਹਾਸਿਲ ਕੀਤਾ ਹੈ | ਮਨਨ ਨੇ ਸੈਮੀਫਾਈਨਲ 'ਚ ਦਿੱਲੀ ਤੇ ਫਾਈਨਲ ਮੁਕਾਬਲੇ ਵਿਚ ਓਡੀਸ਼ਾ ਦੇ ਖਿਡਾਰੀ ਨੂੰ ਹਰਾਇਆ | ਮਨਨ ਕੰਬੋਜ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਜਲਾਲਾਬਾਦ ਇਲਾਕੇ, ਸਕੂਲ ਤੇ ਮਾ ਬਾਪ ਦਾ ਸਿਰ ਫ਼ਖਰ ਨਾਲ ਉੱਚਾ ਹੋਇਆ ਹੈ | ਮਨਨ ਕੰਬੋਜ ਦੇ ਵਾਪਸ ਪਰਤਣ 'ਤੇ ਜਿੱਥੇ ਮਨਨ ਕੰਬੋਜ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਇਸ ਬਹਾਦਰ ਖਿਡਾਰੀ ਦਾ ਜ਼ੋਰਦਾਰ ਸਵਾਗਤ ਕੀਤਾ, ਉਥੇ ਮਨਨ ਦੇ ਪਿਤਾ ਕੰਵਲਜੀਤ ਕੰਬੋਜ ਨੂੰ ਵੀ ਰਿਸ਼ਤੇਦਾਰ ਸੱਜਣ ਲਗਾਤਾਰ ਵਧਾਈਆਂ ਦੇ ਰਹੇ ਹਨ | ਮਨਨ ਕੰਬੋਜ ਦੇ ਦਾਦਾ ਸਰਵਣ ਕੁਮਾਰ ਨੇ ਦੱਸਿਆ ਕਿ ਮਨਨ ਛੋਟੀ ਉਮਰ ਤੋ ਹੀ ਮਿਹਨਤ ਕਰਦਾ ਆ ਰਿਹਾ ਹੈ | ਮਨਨ ਕੰਬੋਜ ਦੇ ਸਕੂਲ ਦੀ ਪਿ੍ੰਸੀਪਲ ਨੇ ਵੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਿਥੇ ਮਨਨ ਕੰਬੋਜ ਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ ਉਥੇ ਮਨਨ ਕੰਬੋਜ ਦੇ ਕੋਚ ਨਵਦੀਪ ਸਿੰਘ ਦੀ ਵੀ ਸ਼ਲਾਘਾ ਕੀਤੀ |