ਜਲਾਲਾਬਾਦ, 4 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ | ਸਭ ਤੋਂ ਪਹਿਲਾਂ ਰੱਖੇ ਹੋਏ ਸ੍ਰੀ ਅਖੰਡ ਸਾਹਿਬ ਦੇ ਪਾਠ ਦੇ ਭੋਗ ਅੱਜ ਪਾਏ ਗਏ ਹਨ ਤੇ ਉਪਰੰਤ ਦੀਵਾਨ ਸਜਾਏ ਗਏ | ਇਸ ਮੌਕੇ ਭਾਈ ਸੰਦੀਪ ਸਿੰਘ ਜਥਾ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ, ਭਾਈ ਜਗਦੀਪ ਸਿੰਘ ਹਜ਼ੂਰੀ ਕਥਾ ਵਾਚਕ, ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ ਜਥਾ, ਭਾਈ ਗੁਰਨਾਮ ਸਿੰਘ ਹੈੱਡ ਗ੍ਰੰਥੀ ਤੇ ਗਿਆਨੀ ਜਗਜੀਤ ਸਿੰਘ ਜਲਵਾ ਇੰਟਰ ਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥੇ ਵਲੋਂ ਗੁਰਬਾਣੀ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜੀਵਨ 'ਤੇ ਚਾਨਣਾ ਪਾਇਆ | ਸਮਾਗਮ 'ਚ ਭਾਰੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਆਪਣੀ ਆਪਣੀ ਹਾਜ਼ਰੀ ਲਗਵਾਈ | ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਸੰਗਤਾਂ 'ਚ ਵਰਤਾਇਆ | ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮਨਾਇਆ ਗਿਆ ਹੈ, ਅੱਜ ਦੁਪਹਿਰੇ ਦੀਵਾਨ ਸਜਾਏ ਗਏ ਹਨ ਤੇ ਇਸ ਤੋਂ ਇਲਾਵਾ ਅੱਜ ਰਾਤ ਨੂੰ ਵੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਵਾਨ ਸਜਾਏ ਜਾਣਗੇ, ਜਿਨ੍ਹਾਂ 'ਚ ਕਵੀਸ਼ਰੀ ਜਥੇ ਭਾਗ ਲੈਣਗੇ ਤੇ ਬੱਚਿਆਂ ਦਾ ਕਵਿਤਾ ਗਾਇਣ ਮੁਕਾਬਲੇ ਵੀ ਕਰਵਾਏ ਜਾਣਗੇ |