ਮੰਡੀ ਲਾਧੂਕਾ, 5 ਜਨਵਰੀ (ਮਨਪ੍ਰੀਤ ਸਿੰਘ ਸੈਣੀ)-ਪਿੰਡ ਚੱਕ ਸਿੰਘੇ ਵਾਲਾ ਸੈਣੀਆਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੀਆਂ ਦੀ ਅਗਵਾਈ ਵਿਚ ਸਜਾਇਆ | ਇਸ ਮੌਕੇ ਪਿੰਡ ਦੀਆ ਸਮੂਹ ਸੰਗਤਾਂ ਨੇ ਸ਼ਿਰਕਤ ਕੀਤੀ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਕੇ ਪਿੰਡ ਦੀਆਂ ਸਮੂਹ ਗਲੀਆਂ 'ਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਫੁੱਲਾ ਨਾਲ ਸਜਾਇਆ ਹੋਇਆ ਸੀ, ਜਿਸ ਦੇ ਅੱਗੇ ਪਿੱਛੇ ਸੰਗਤਾਂ ਗੁਰੂ ਜੀ ਦਾ ਜੱਸ ਗਾ ਰਹੀਆਂ ਸਨ | ਰਸਤੇ 'ਚ ਥਾਂ-ਥਾਂ 'ਤੇ ਨਗਰ ਕੀਰਤਨ ਦਾ ਪਿੰਡ ਦੀਆਂ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਅਤੇ ਚਾਹ, ਪਕੌੜੇ, ਬਰੈੱਡ ਪਕੌੜੇ, ਮਠਿਆਈਆਂ ਤੇ ਫਲ ਫਰੂਟਾ ਦੇ ਲੰਗਰ ਲਗਾਏ ਗਏ | ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਤੇ ਪਿੰਡ ਦੀਆਂ ਸਮੂਹ ਸੰਗਤਾਂ ਹਾਜ਼ਰ ਸਨ |