ਮੱਖੂ, 24 ਜਨਵਰੀ (ਵਰਿੰਦਰ ਮਨਚੰਦਾ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਉਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਵਲੋਂ ਸ਼ੁਰੂ ਕੀਤੀ 'ਹੜ੍ਹ ਪ੍ਰਭਾਵਿਤ ਵਿਆਹ ਯੋਜਨਾ' ਤਹਿਤ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰ ਨਾਲ ਸੰਬੰਧਿਤ ਵੱਖ-ਵੱਖ ਪਿੰਡਾਂ ਦੇ ਪਰਿਵਾਰਾਂ ਦੀਆਂ 21 ਹੋਰਨਾਂ ਧੀਆਂ ਦੇ ਵਿਆਹਾਂ ਲਈ ਸਹਾਇਤਾ ਦੇ ਰੂਪ 'ਚ ਇਕ-ਇਕ ਲੱਖ ਰੁਪਏ ਦੇ ਚੈੱਕ ਸ਼ਗਨ ਵਜੋਂ ਦਿੱਤੇ ਗਏ | ਇਸ ਸੇਵਾ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਉਚੇਚੇ ਤੌਰ 'ਤੇ ਡਾ. ਐੱਸ. ਪੀ. ਸਿੰਘ ਉਬਰਾਏ, ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਡਾ. ਕਮਲ ਬਾਗ਼ੀ ਸਿਆਟਲ ਯੂ. ਐੱਸ. ਏ. ਤੋਂ ਪਹੁੰਚੀ ਟਰੱਸਟ ਦੀ ਟੀਮ, ਪੰਜਾਬ ਪ੍ਰਧਾਨ ਗੁਰਬਿੰਦਰ ਸਿੰਘ ਬਰਾੜ, ਨਗਰ ਕੌਂਸਲ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਵਲੋਂ ਸਰਹੱਦੀ ਸ਼ਹਿਰ ਫ਼ਿਰੋਜ਼ਪੁਰ ਦੇ ਮੱਖੂ ਵਿਖੇ ਬਲੂ ਮੂਨ ਕਿ੍ਕਟ ਅਕੈਡਮੀ ਵਿਖੇ ਅਕੈਡਮੀ ਦੇ ਸਰਪ੍ਰਸਤ ਕੌਂਸਲਰ ਮਨਜਿੰਦਰ ਸਿੰਘ ਮਿੰਟੂ ਅਤੇ ਕੌਂਸਲਰ ਗਗਨਦੀਪ ਕੌਰ ਦੇ ਵਿਸ਼ੇਸ਼ ਸਹਿਯੋਗ ਨਾਲ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਟਰੱਸਟ ਦੀ ਟੀਮ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਡਾ. ਐੱਸ. ਪੀ. ਸਿੰਘ ਉਬਰਾਏ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਟਰੱਸਟ ਵਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਨ ਦੇ ਫ਼ੈਸਲੇ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ 'ਚ 21 ਧੀਆਂ, ਅੰਮਿ੍ਤਸਰ ਦੀਆਂ 8 ਧੀਆਂ ਤੇ ਤਰਨਤਾਰਨ ਦੀਆਂ 27 ਧੀਆਂ ਦੇ ਪਰਿਵਾਰਾਂ ਨੂੰ ਵਿਆਹਾਂ ਵਾਸਤੇ ਇਕ-ਇਕ ਲੱਖ ਰੁਪਏ ਦੇਣ ਉਪਰੰਤ ਹੁਣ ਤੱਕ ਟਰੱਸਟ ਵਲੋਂ ਕੁੱਲ 92 ਧੀਆਂ ਦੇ ਵਿਆਹ ਮੁਕੰਮਲ ਹੋ ਜਾਣਗੇ, ਜਦ ਕਿ 28 ਜਨਵਰੀ ਨੂੰ ਫ਼ਾਜ਼ਿਲਕਾ ਖੇਤਰ ਦੀਆਂ 24 ਹੋਰਨਾਂ ਧੀਆਂ ਦੇ ਵਿਆਹਾਂ ਦਾ ਖ਼ਰਚ ਵੀ ਉਨ੍ਹਾਂ ਦੇ ਮਾਪਿਆਂ ਨੂੰ ਦੇ ਦਿੱਤਾ ਜਾਵੇਗਾ | ਡਾ. ਉਬਰਾਏ ਨੇ ਇਹ ਵੀ ਦੱਸਿਆ ਕਿ ਟਰੱਸਟ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਦੀਆਂ ਧੀਆਂ ਦੇ ਵਿਆਹਾਂ ਵਾਸਤੇ 3 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਹੈ, ਜਿਸ ਸਦਕਾ ਟਰੱਸਟ 300 ਧੀਆਂ ਦੇ ਵਿਆਹਾਂ 'ਤੇ ਇਕ-ਇਕ ਲੱਖ ਰੁਪਏ ਸ਼ਗਨ ਵਜੋਂ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਵੇਗਾ | ਇਸ ਵੱਡੇ ਸੇਵਾ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਸਿਆਟਲ (ਯੂ. ਐੱਸ. ਏ.) ਦੀ ਸਮੂਹ ਸਾਧ ਸੰਗਤ ਵਲੋਂ ਪਾਏ ਗਏ ਵਿਸ਼ੇਸ਼ ਯੋਗਦਾਨ ਲਈ ਡਾ. ਉਬਰਾਏ ਨੇ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਟਰੱਸਟ ਦੀ ਸਿਆਟਲ ਇਕਾਈ ਦੇ ਅਹੁਦੇਦਾਰ ਵੀ ਉਚੇਚੇ ਤੌਰ 'ਤੇ ਅਮਰੀਕਾ ਤੋਂ ਆ ਕੇ ਅੱਜ ਦੇ ਵਿਆਹ ਸਮਾਗਮਾਂ ਦਾ ਹਿੱਸਾ ਬਣੇ ਹਨ | ਇਸ ਮੌਕੇ ਡਾ. ਐੱਸ. ਪੀ ਸਿੰਘ ਉਬਰਾਏ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਡਾ. ਕਮਲ ਬਾਗ਼ੀ ਵਲੋਂ ਵੀ ਵਿਆਹ ਵਾਲੀਆਂ ਧੀਆਂ ਨੂੰ ਏ. ਬੀ. ਐੱਚ. ਹੈਲਥ ਕਾਰਡ ਭੇਟ ਕੀਤੇ ਗਏ, ਜਿਸ ਨਾਲ ਇਨ੍ਹਾਂ ਧੀਆਂ ਦੇ ਪੰਜ ਮੈਂਬਰਾਂ ਲਈ ਇਕ ਸਾਲ ਲਈ ਓ. ਪੀ. ਡੀ. ਫ਼੍ਰੀ ਹੋਵੇਗੀ | ਸਮਾਗਮ ਦੇ ਅਖੀਰ 'ਚ ਡਾ. ਉਬਰਾਏ ਸਮੇਤ ਆਏ ਹੋਏ ਮਹਿਮਾਨਾਂ ਤੇ ਪੱਤਰਕਾਰਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤੇ ਗਏ | ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੇ ਨਵ-ਵਿਆਹੀਆਂ ਧੀਆਂ ਨੂੰ ਵਿਆਹੁਤਾ ਜੀਵਨ ਦੀ ਖ਼ੁਸ਼ਹਾਲ ਬਣਾਉਣ ਲਈ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਤੇ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਉਬਰਾਏ ਵਲੋਂ ਸਮਾਜ ਹਿੱਤ ਵਿਚ ਬਹੁਤ ਸ਼ਾਨਦਾਰ ਕਾਰਜ ਕੀਤੇ ਜਾ ਰਹੇ ਹਨ, ਜੋ ਬਹੁਤ ਹੀ ਸ਼ਲਾਘਾਯੋਗ ਹਨ | ਇਸ ਮੌਕੇ ਟਰੱਸਟ ਦੀ ਸਿਆਟਲ ਇਕਾਈ ਦੇ ਪ੍ਰਧਾਨ ਦਇਆਬੀਰ ਸਿੰਘ ਪਿੰਟੂ ਬਾਠ, ਗੁਰਦੀਪ ਸਿੰਘ ਸਿੱਧੂ, ਹਰਦੀਪ ਸਿੰਘ ਸਿੱਧ (ਯੂ. ਐੱਸ. ਏ.), ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਕੌਂਸਲਰ ਵਰਿੰਦਰ ਠੁਕਰਾਲ, ਕੌਂਸਲਰ ਅਨਿਲ ਕੁਮਾਰ ਡੀ. ਸੀ. ਧਵਨ, ਵੀਨੂੰ ਸ਼ਾਹ, ਦਵਿੰਦਰ ਸਿੰਘ ਬੱਬੂ, ਜੋਗਿੰਦਰ ਸਿੰਘ ਥਿੰਦ, ਤਿਲਕ ਰਾਜ, ਹੀਰਾ ਸਿੰਘ, ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਅਰਵਿੰਦਰ ਪਾਲ ਸਿੰਘ ਚਾਹਲ, ਜ਼ਿਲ੍ਹਾ ਕੈਸ਼ੀਅਰ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਜਰਨਲ ਸਕੱਤਰ ਪਾਲ ਸਿੰਘ, ਜ਼ਿਲ੍ਹਾ ਸਲਾਹਕਾਰ ਰਣਜੀਤ ਸਿੰਘ ਰਾਏ, ਜ਼ਿਲ੍ਹਾ ਸਲਾਹਕਾਰ ਬਲਵਿੰਦਰ ਕੌਰ ਲੋਹ ਕੇ, ਮਹਾਂਵੀਰ ਸਿੰਘ, ਰਾਮ ਸਿੰਘ, ਜਗਸੀਰ ਸਿੰਘ, ਬਲਵਿੰਦਰ ਪਾਲ ਸ਼ਰਮਾ, ਮਨਪ੍ਰੀਤ ਸਿੰਘ, ਚਰਨਜੀਤ ਸਿੰਘ, ਸੁਖਬੀਰ ਸਿੰਘ, ਹਰਭਗਵਾਨ ਸਿੰਘ ਸ੍ਰੀ ਮੁਕਤਸਰ ਸਾਹਿਬ ਦੀ ਟੀਮ, ਸੋਰਵ ਅਹੂਜਾ, ਕੌਂਸਲਰ ਦਵਿੰਦਰ ਸਿੰਘ, ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਪ੍ਰਕਿਰਤੀ ਭੰਗੜਾ ਕਲੱਬ ਜ਼ੀਰਾ ਤੋਂ ਰਘਬੀਰ ਸਿੰਘ ਬੌਬੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਸ਼ਹਿਰ ਦੇ ਕੌਂਸਲਰਾਂ, ਪਿੰਡਾਂ ਦੇ ਸਰਪੰਚ, ਪੰਚ ਤੇ ਪੱਤਰਕਾਰ ਭਾਈਚਾਰਾ ਸਮੇਤ ਇਲਾਕੇ ਦੇ ਮੁਹਤਬਰ ਵਿਅਕਤੀ ਮੌਜੂਦ ਸਨ |