ਮਮਦੋਟ, 25 ਜਨਵਰੀ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ)-ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਬੇਟੂ ਕਦੀਮ ਵਿਖੇ 24 ਜਨਵਰੀ ਦੀ ਦੇਰ ਸ਼ਾਮ ਨੂੰ ਦੋ ਸਾਬਕਾ ਸਰਪੰਚਾਂ ਵਿਚਾਲੇ ਚੱਲ ਰਹੀ ਪੁਰਾਣੀ ਰੰਜਸ਼ ਨੇ ਉਸ ਵਕਤ ਖ਼ੂਨੀ ਰੂਪ ਧਾਰਨ ਕਰ ਲਿਆ | ਜਦੋਂ ਰਸਤੇ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਹੋਏ ਮਾਮੂਲੀ ਬੋਲ ਬੁਲਾਰੇ ਦੌਰਾਨ ਇਕ ਧਿਰ ਵਲੋਂ ਕਥਿਤ ਤੌਰ 'ਤੇ ਚਲਾਈਆਂ ਗੋਲੀਆਂ ਨਾਲ ਦੂਜੀ ਧਿਰ ਦੇ ਦੋ ਨੌਜਵਾਨ (ਸਕੇ ਭਰਾ) ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮਮਦੋਟ ਦੇ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤਾ ਗਿਆ ਹੈ | ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਘਟਨਾ ਸੰਬੰਧੀ ਸਾਬਕਾ ਸਰਪੰਚ ਇੰਦਰਪਾਲ ਧਵਨ ਪਿੰਡ ਬੇਟੂ ਕਦੀਮ ਨੇ ਦੱਸਿਆ ਕਿ ਉਹ 24 ਜਨਵਰੀ ਟਰੈਕਟਰ ਟਰਾਲੀ 'ਤੇ ਆਪਣੇ ਖੇਤਾਂ 'ਚ ਤੂੜੀ ਭਰ ਕੇ ਲਿਆ ਰਹੇ ਸਨ ਤੇ ਸ਼ਾਮ ਨੂੰ ਕੰਮ ਖ਼ਤਮ ਕਰਨ ਤੋਂ ਬਾਅਦ ਉਸ ਦਾ ਲੜਕਾ ਜਦੋਂ ਪਿੰਡੋਂ ਬਾਹਰ ਢਾਣੀ 'ਤੇ ਸਥਿਤ ਉਨ੍ਹਾਂ ਦੇ ਇਕ ਨੇੜਲੇ ਵਿਅਕਤੀ ਦੇ ਘਰ ਟਰਾਲੀ ਛੱਡਣ ਜਾ ਰਿਹਾ ਸੀ ਤਾਂ ਕਾਰ 'ਤੇ ਸਵਾਰ ਹੋ ਕੇ ਆਏ ਪਿੰਡ ਦੇ ਦੂਜੇ ਸਾਬਕਾ ਸਰਪੰਚ ਦੇ ਭਰਾ 'ਤੇ ਸਾਥੀਆਂ ਵਲੋਂ ਉਸ ਦੇ ਲੜਕੇ ਨਾਲ ਤਕਰਾਰਬਾਜ਼ੀ ਕੀਤੀ 'ਤੇ ਰੋੜੇ ਮਾਰ | ਇੰਦਰਪਾਲ ਧਵਨ ਨੇ ਦੱਸਿਆ ਕਿ ਉਸ ਦਾ ਲੜਕਾ ਟਰੈਕਟਰ ਭਜਾ ਕੇ ਘਰ ਪੁੱਜਾ ਤਾਂ ਉਕਤ ਧਿਰ ਵਲੋਂ ਇਕੱਠਿਆਂ ਹੋ ਕੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ | ਜਿਸ ਦੌਰਾਨ ਉਸ ਦੇ ਦੋਨੋਂ ਲੜਕੇ ਅਜੇ ਕੁਮਾਰ ਤੇ ਆਕਾਸ਼ ਧਵਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਿੰਡ ਦੇ ਮੌਜੂਦਾ ਸਰਪੰਚ ਮੁਖ਼ਤਿਆਰ ਪੁਰੀ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਘਟਨਾ ਸੰਬੰਧੀ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਥਾਣਾ ਮਮਦੋਟ ਮੁਤਾਬਿਕ ਪੁਲਿਸ ਟੀਮ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦੇ ਬਿਆਨ ਕਲਮਬੰਦ ਕਰ ਰਹੀ ਹੈ |