ਅਬੋਹਰ, 25 ਜਨਵਰੀ (ਵਿਵੇਕ ਹੂੜੀਆ/ਸੁਖਜੀਤ ਸਿੰਘ ਬਰਾੜ)-ਵਿਧਾਇਕ ਬੱਲੂਆਣਾ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਬੱਲੂਆਣਾ ਹਲਕੇ ਦੇ ਪਿੰਡ ਭਾਗਸਰ ਵਿਖੇ ਸੁਖਚੈਨ ਮਾਈਨਰ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ | ਇਸ ਦੇ ਨਿਰਮਾਣ 'ਤੇ 5 ਕਰੋੜ ਰੁਪਏ ਦੀ ਲਾਗਤ ਆਵੇਗੀ | ਇਸ ਮੌਕੇ ਬੋਲਦਿਆਂ ਵਿਧਾਇਕ ਬੱਲੂਆਣਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਕਿਸਾਨਾਂ ਨੂੰ ਟੇਲਾਂ ਤੱਕ ਪੂਰਾ ਪਾਣੀ ਪੁੱਜਦਾ ਕਰਨ ਲਈ ਦਿ੍ੜ੍ਹ ਸੰਕਲਪਿਤ ਹੈ | ਉਨ੍ਹਾਂ ਨੇ ਕਿਹਾ ਕਿ ਸੁਖਚੈਨ ਮਾਈਨਰ ਦਾ ਕੰਕਰੀਟ ਦਾ ਬਣਾਇਆ ਜਾ ਰਿਹਾ ਹੈ, ਜਿਸ ਨਾਲ ਇਲਾਕੇ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਨੂੰ ਪਾਣੀ ਮਿਲੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਸਿਰਤੋੜ ਯਤਨ ਕਰ ਰਹੀ ਹੈ ਤੇ 'ਆਪ' ਸਰਕਾਰ ਦੇ ਦੌਰ 'ਚ ਪਾਣੀ ਕਿਸਾਨਾਂ ਤੇ ਖੇਤਾਂ ਤੇ ਟੇਲਾਂ ਤੇ ਪੁੱਜਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ 'ਚ ਹੋਰ ਵੀ ਸਿਹਤ ਪੱਖੋਂ ਤੇ ਸਿੱਖਿਆ ਪੱਖੋਂ ਬਹੁਤ ਵਿਕਾਸ ਕੀਤੇ ਹਨ | ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਬੱਲੂਆਣਾ ਹਲਕੇ ਦੇ ਲੋਕਾਂ ਦੇ ਅਧਿਕਾਰਾਂ ਤੇ ਗੁਆਂਢੀ ਹਲਕਿਆਂ ਵਲੋਂ ਡਾਕਾ ਵੱਜਦਾ ਰਿਹਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਇਲਾਕੇ 'ਚ ਵਿਕਾਸ ਕਾਰਜ ਹੋਣ ਲੱਗੇ ਹਨ | ਇਸ ਮੌਕੇ ਪਿੰਡ ਭਾਗਸਰ ਦੇ ਸਰਪੰਚ ਸੁਧੀਰ ਕੂਕਣਾ, ਪੰਚਾਇਤ ਮੈਂਬਰ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ |