ਅਬੋਹਰ, 25 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਗੋਬਿੰਦਗੜ੍ਹ ਲਿੰਕ ਰੋਡ ਅਬੋਹਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੀਆਂ ਦੀ ਅਗਵਾਈ ਹੇਠ 9ਵਾਂ ਮਹਾਨ ਨਗਰ ਕੀਰਤਨ 26 ਜਨਵਰੀ ਨੂੰ ਸਵੇਰੇ 10 ਵਜੇ ਸਜਾਇਆ ਜਾਵੇਗਾ | ਇਸ ਸੰਬੰਧੀ ਹੋਈਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਮਿੰਦਰ ਸਿੰਘ ਗਿੱਲ ਤੇ ਗ੍ਰੰਥੀ ਬਾਬਾ ਗੁਰਦਾਸ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਬਾਬਾ ਦੀਪ ਸਿੰਘ ਤੋਂ ਆਰੰਭ ਹੋ ਕੇ ਮਲੋਟ ਰੋਡ, ਸੀਤੋ ਰੋਡ, ਹਨੂਮਾਨਗੜ੍ਹ ਰੋਡ, ਸਰਕੁਲਰ ਰੋਡ, ਰੇਲਵੇ ਸਟੇਸ਼ਨ ਰੋਡ, ਬਾਬਾ ਬੰਦੀ ਸਿੰਘ ਬਹਾਦਰ ਮਾਰਗ ਖੰਡਾ ਚੌਕ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਆ ਕੇ ਹੀ ਸਮਾਪਤ ਹੋਵੇਗਾ | ਇਸ ਤੋਂ ਇਲਾਵਾ 27 ਜਨਵਰੀ ਨੂੰ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਜਾਵੇਗਾ | ਇਸ ਦੌਰਾਨ ਅੰਮਿ੍ਤ ਸੰਚਾਰ ਵੀ ਕਰਵਾਇਆ ਜਾਵੇਗਾ ਤੇ ਅੰਮਿ੍ਤ ਅਭਿਲਾਖੀਆਂ ਨੂੰ ਕਕਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਟਾ ਰਹਿਤ ਦਿੱਤੇ ਜਾਣਗੇ | ਉਨ੍ਹਾਂ ਇਲਾਕੇ ਦੀਆਂ ਸਮੂਹ ਸੰਸਥਾਵਾਂ ਤੇ ਸੰਗਤਾਂ ਨੂੰ ਉਕਤ ਨਗਰ ਕੀਰਤਨ ਅਤੇ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ | ਇਸ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ | ਇਸ ਮੌਕੇ ਚੇਅਰਮੈਨ ਪਰਮਿੰਦਰ ਸਿੰਘ ਗਿੱਲ, ਪ੍ਰਧਾਨ ਰਣਜੀਤ ਸਿੰਘ ਧਨੌਆ, ਬਾਬਾ ਗੁਰਦਾਸ ਸਿੰਘ, ਖ਼ਜ਼ਾਨਚੀ ਰਾਜੂ ਪੱਕੀ ਵਾਲਾ, ਮੀਤ ਪ੍ਰਧਾਨ ਸੁਖਪਾਲ ਸਿੰਘ, ਮੀਤ ਖ਼ਜ਼ਾਨਚੀ ਮੁਕੰਦ ਸਿੰਘ, ਵਿਨੈ ਪ੍ਰਤਾਪ ਸਿੰਘ ਖ਼ਾਲਸਾ, ਬਲਜੀਤ ਸਿੰਘ ਬੱਬਲਾ ਆਦਿ ਹਾਜ਼ਰ ਸਨ |