ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਪੱਧਰ 'ਤੇ ਕੌਮੀ ਵੋਟਰ ਦਿਵਸ ਇਥੇ ਪੀ. ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਾਜ਼ਿਲਕਾ ਵਿਖੇ ਮਨਾਇਆ, ਜਿਸ 'ਚ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਤੇ ਐੱਸ. ਡੀ. ਐਮ. ਜਲਾਲਾਬਾਦ ਕੰਵਰਜੀਤ ਸਿੰਘ ਮਾਨ ਮੌਜੂਦ ਸਨ | ਉਨ੍ਹਾਂ ਨੇ ਆਖਿਆ ਕਿ ਅੱਜ ਅਸੀਂ 16ਵਾਂ ਕੌਮੀ ਵੋਟਰ ਦਿਵਸ ਮਨਾ ਰਹੇ ਹਾਂ | ਉਨ੍ਹਾਂ ਆਖਿਆ ਕਿ ਇਸ ਦਾ ਉਦੇਸ਼ ਹੈ ਕਿ ਲੋਕਤੰਤਰ ਪ੍ਰਤੀ ਸਾਡੀ ਜ਼ਿੰਮੇਵਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ | ਉਨ੍ਹਾਂ ਨੇ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨਵੇਂ ਵੋਟਰਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਤੁਸੀਂ ਇਕ ਮਜ਼ਬੂਤ ਲੋਕਤੰਤਰ ਦਾ ਹਿੱਸਾ ਬਣੇ ਹੋ, ਇਸ ਕਰਕੇ ਇਸ ਦੀ ਮਹੱਤਤਾ ਸਮਝਣਾ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਵੋਟ ਬਣਾਉਣਾ ਤਾਂ ਜ਼ਰੂਰੀ ਹੈ ਹੀ ਸਗੋਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਵੀ ਲਾਜ਼ਮੀ ਹੈ | ਉਨ੍ਹਾਂ ਨੇ ਕਿਹਾ ਕਿ ਇਹ ਸਾਡਾ ਹੱਕ ਹੈ ਤੇ ਇਹ ਸਾਡੀ ਤਾਕਤ ਵੀ ਹੈ, ਸਾਨੂੰ ਆਪਣੇ ਵੋਟ ਹੱਕ ਦਾ ਇਸਤੇਮਾਲ ਬਿਨਾਂ ਜਾਤ ਪਾਤ, ਧਰਮ, ਭਾਈਚਾਰੇ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਕਰਨਾ ਚਾਹੀਦਾ ਹੈ | ਇਸ ਦੌਰਾਨ ਸਮੂਹ ਹਾਜ਼ਰੀਨ ਨੇ ਵੋਟਰ ਪ੍ਰਣ ਵੀ ਕੀਤਾ | ਇਸ ਮੌਕੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਸੁਨੇਹਾ ਵੀ ਇਥੇ ਪ੍ਰਸਾਰਿਤ ਕੀਤਾ | ਸਮਾਗਮ ਦੀ ਸ਼ੁਰੂਆਤ ਹੋਲੀ ਹਾਰਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸਵਾਗਤ ਗੀਤ ਨਾਲ ਕੀਤੀ ਗਈ | ਵੋਟਰ ਦਿਵਸ ਦੇ ਸੰਬੰਧ 'ਚ ਜ਼ਿਲ੍ਹਾ ਪੱਧਰ 'ਤੇ ਹੋਏ ਵੱਖ-ਵੱਖ ਮੁਕਾਬਲਿਆਂ 'ਚ ਭਾਸ਼ਨ ਮੁਕਾਬਲੇ 'ਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਸਰਵਹਿੱਤਕਾਰੀ ਵਿੱਦਿਆ ਮੰਦਰ ਦੀ ਵਿਦਿਆਰਥਣ ਈਸ਼ਿਤਾ ਨੇ ਵੋਟਰ ਜਾਗਰੂਕਤਾ ਦੀ ਮਜ਼ਬੂਤੀ ਨੂੰ ਦਰਸਾਉਂਦੇ ਆਪਣੇ ਜੋਸ਼ੀਲੇ ਭਾਸ਼ਨ ਨਾਲ ਸਭ ਨੂੰ ਪ੍ਰਭਾਵਿਤ ਕੀਤਾ | ਪੀ. ਡਬਲਿਊ. ਡੀ. ਜ਼ਿਲ੍ਹਾ ਆਈਕਨ ਮਿਸ ਰੇਖਾ ਨੇ ਆਪਣੇ ਨਾਚ ਨਾਲ ਆਪਣੀ ਪ੍ਰਤਿਭਾ ਦੀ ਛਾਪ ਛੱਡੀ | ਇਸੇ ਤਰ੍ਹਾਂ ਇਸ ਵਾਰ ਲਈ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਈ. ਆਰ. ਓ. ਕਮ ਐਸ. ਡੀ. ਐਮ. ਕੰਵਰਜੀਤ ਸਿੰਘ ਮਾਨ ਨੂੰ ਸਭ ਤੋਂ ਵਧੀਆ ਈ. ਆਰ. ਓ. ਦਾ ਪੁਰਸਕਾਰ ਦਿੱਤਾ ਗਿਆ | ਸਭ ਤੋਂ ਵਧੀਆ ਬੀ. ਐਲ. ਓ. ਅਮਨਦੀਪ ਸਿੰਘ ਚੁਣੇ ਗਏ, ਜਿਨ੍ਹਾਂ ਨੂੰ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਸਨਮਾਨਿਤ ਕੀਤਾ | ਇਸ ਤੋਂ ਬਿਨਾਂ ਸਵੀਪ ਦੇ ਸਹਾਇਕ ਨੋਡਲ ਅਫ਼ਸਰ ਪਿ੍ੰਸੀਪਲ ਰਜਿੰਦਰ ਵਿਖੋਨਾ ਨੂੰ ਸਨਮਾਨਿਤ ਕੀਤਾ | ਪੀ. ਡਬਲਿਊ. ਡੀ. ਜ਼ਿਲ੍ਹਾ ਆਈਕੋਨ ਰੇਖਾ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਐਪਿਕ ਕਾਰਡ ਵੰਡੇ ਗਏ | ਇਸ ਤੋਂ ਬਿਨਾਂ ਵੱਖ-ਵੱਖ ਜਾਗਰੂਕਤਾ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਤੇ ਹਰਸ਼ ਜੁਨੇਜਾ ਦੀ ਅਗਵਾਈ ਹੇਠ ਰਾਸ਼ਟਰੀ ਗਾਣ ਵਾਲੀਆਂ ਵਿਦਿਆਰਥਣਾਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ | ਇਸ ਮੌਕੇ ਮੰਚ ਦਾ ਸੰਚਾਲਨ ਰਾਜੇਸ਼ ਠਕਰਾਲ ਨੇ ਕੀਤਾ | ਸਵੀਪ ਗਤੀਵਿਧੀਆਂ ਲਈ ਸੰਦੀਪ ਅਨੇਜਾ ਮਾਸਟਰ ਟਰੇਨਰ, ਵਿਜੈ ਭੂਸ਼ਨ, ਪੰਕਜ ਲੂਣਾ, ਨਰੇਸ਼ ਗਰੋਵਰ, ਰੌਸ਼ਨ ਵਰਮਾ, ਦਰਸ਼ਨ ਸਿੰਘ, ਪਰਮਜੀਤ ਸਿੰਘ ਨੂੰ ਸਨਮਾਨਿਤ ਕੀਤਾ | ਇਸ ਪਿ੍ੰਸੀਪਲ ਸੁਤੰਤਰ ਪਾਠਕ, ਨਵਜੋਤ ਸਿੰਘ, ਰਵੀ ਕਾਂਤ, ਰੌਬਿਨ ਕਟਾਰੀਆ, ਨਵਦੀਪ ਕੁਮਾਰ ਆਦਿ ਵੀ ਹਾਜ਼ਰ ਸਨ |