ਅਬੋਹਰ, 25 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ. ਏ. ਵੀ. ਕਾਲਜ ਦੇ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਮਹਾਜਨ ਦੀ ਯੋਗ ਅਗਵਾਈ ਹੇਠ ਐਨ. ਐੱਸ. ਐੱਸ. ਇਕਾਈ ਵਲੋਂ ਰਾਸ਼ਟਰੀ ਵੋਟਰ ਦਿਹਾੜਾ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਵੱਖ-ਵੱਖ ਪ੍ਰਤੀਯੋਗਤਾਵਾਂ ਤਹਿਤ ਭਾਸ਼ਨ, ਸਲੋਗਨ ਰਾਈਟਿੰਗ ਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ | ਐਨ. ਐੱਸ. ਐੱਸ. ਮੁਖੀ ਸੰਜੀਵ ਕੁਮਾਰ ਗੁੰਬਰ ਨੇ ਬੱਚਿਆਂ ਨੂੰ ਆਪਣੇ ਵੋਟ ਦੀ ਸਹੀ ਵਰਤੋਂ ਕਰਨ ਦਾ ਸੰਦੇਸ਼ ਦਿੱਤਾ | ਵਿਦਿਆਰਥੀਆਂ ਨੂੰ ਲੋਕਤੰਤਰ ਦੇ ਮਹੱਤਵ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਆਪਣਾ ਸਮਰਪਣ ਦੇਸ਼ ਤੇ ਸਮਾਜ ਦੇ ਪ੍ਰਤੀ ਰੱਖਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਵਿਦਿਆਰਥੀਆਂ ਲਕਸ਼ੈ, ਡਿੰਪਲ, ਕੇਸ਼ਵ ਨੇ ਰਾਸ਼ਟਰੀ ਵੋਟਰ ਦਿਵਸ 'ਤੇ ਆਪਣੇ ਸਾਥੀਆਂ ਨੂੰ ਇਸ ਦਿਹਾੜੇ ਦੀ ਮਹੱਤਵ ਸੰਬੰਧੀ ਭਾਸ਼ਨ ਦਿੱਤਾ | ਉਨ੍ਹਾਂ ਨਾਲ ਹੀ ਦੇਸ਼ ਭਗਤੀ ਦੇ ਗੀਤਾਂ ਦੇ ਰਾਹੀਂ ਵਿਦਿਆਰਥੀਆਂ ਨੂੰ ਦੇਸ਼ ਪ੍ਰੇਮ ਨਾਲ ਭਰਪੂਰ ਰਹਿਣ ਦਾ ਸੱਦਾ ਵੀ ਦਿੱਤਾ | ਸਾਰੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਵੋਟਰ ਦਿਵਸ ਸੰਬੰਧੀ ਸਹੁੰ ਚੁੱਕੀ ਗਈ ਤੇ ਨਾਲ ਹੀ ਸੁਤੰਤਰ ਢੰਗ ਨਾਲ ਬਿਨਾਂ ਭੇਦਭਾਵ ਤੋਂ ਆਪਣੇ ਵੋਟ ਦਾ ਪ੍ਰਯੋਗ ਕਰਨ ਲਈ ਦੇਸ਼ ਦੇ ਵਿਕਾਸ 'ਚ ਯੋਗਦਾਨ ਦੇਣ ਦਾ ਪ੍ਰਣ ਲਿਆ | ਅੰਤ 'ਚ ਵੱਖ-ਵੱਖ ਪ੍ਰਤੀਯੋਗਤਾਵਾਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਡਾ. ਅਨੂਪਾਲ, ਮੈਡਮ ਪੂਜਾ ਸ਼ਰਮਾ ਤੇ ਹੋਰ ਅਧਿਆਪਕ ਹਾਜ਼ਰ ਸਨ |