ਅਬੋਹਰ, 6 ਫਰਵਰੀ(ਵਿਵੇਕ ਹੂੜੀਆ) ਅਰੋੜਾ ਵਿਕਾਸ ਮੰਚ ਵਲੋਂ ਫ਼ਾਜ਼ਿਲਕਾ ਦੇ ਪਿੰਡ ਜਟਵਾਲੀ ਸਥਿਤ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵਿਚ ਇਕ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ | ਇਸ ਲਾਇਬ੍ਰੇਰੀ ਦਾ ਉਦਘਾਟਨ ਸਿਵਲ ਸਰਜਨ ਡਾ.ਕਵਿਤਾ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਨਸ਼ਾ ਮੁਕਤੀ ਮੁਹਿੰਮ ਦੇ ਨੋਡਲ ਅਫ਼ਸਰ ਡਾ.ਮਹੇਸ਼ ਕੁਮਾਰ, ਮੰਚ ਦੇ ਪ੍ਰਧਾਨ ਗਗਨ ਚੁੱਘ, ਫ਼ਾਜ਼ਿਲਕਾ ਸ਼ਾਖਾ ਦੇ ਪ੍ਰਧਾਨ ਅੰਮਿ੍ਤ ਸਚਦੇਵਾ, ਸੁਭਾਸ਼ ਠਠਈ, ਚਿਰਾਗ਼ ਨਾਗਪਾਲ, ਕੇਂਦਰ ਦੇ ਮੈਨੇਜਰ ਸੰਦੀਪ ਚੋਪੜਾ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ | ਸੰਸਥਾਪਕ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਮੰਚ ਵਲੋਂ ਖੋਲ੍ਹੀ ਗਈ ਇਹ ਦੂਜੀ ਲਾਇਬ੍ਰੇਰੀ ਹੈ, ਇਸ ਤੋਂ ਪਹਿਲਾਂ ਅਬੋਹਰ ਦੇ ਨਸ਼ਾ ਛੁਡਾਊ ਕੇਂਦਰ ਵਿਚ ਵੀ ਅਜਿਹੀ ਲਾਇਬ੍ਰੇਰੀ ਸਥਾਪਿਤ ਕੀਤੀ ਜਾ ਚੁੱਕੀ ਹੈ, ਜਿਸ ਦਾ ਮਰੀਜ਼ਾਂ ਨੂੰ ਕਾਫ਼ੀ ਲਾਭ ਮਿਲ ਰਿਹਾ ਹੈ | ਨੋਡਲ ਅਫ਼ਸਰ ਡਾ.ਮਹੇਸ਼ ਕੁਮਾਰ ਨੇ ਮੰਚ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੜ ਵਸੇਬਾ ਕੇਂਦਰ ਵਿਚ ਮਰੀਜ਼ਾਂ ਨੂੰ ਮੋਬਾਈਲ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੁੰਦੀ, ਅਜਿਹੇ ਵਿਚ ਪੁਸਤਕਾਂ ਉਨ੍ਹਾਂ ਦੇ ਗਿਆਨ ਵਿਚ ਵਾਧਾ ਕਰਨ ਅਤੇ ਨਸ਼ੇ ਤੋਂ ਧਿਆਨ ਹਟਾਉਣ ਵਿਚ ਬਹੁਤ ਸਾਰਥਿਕ ਸਿੱਧ ਹੋਣਗੀਆਂ | ਸਿਵਲ ਸਰਜਨ ਡਾ.ਕਵਿਤਾ ਸਿੰਘ ਨੇ ਮੰਚ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ 'ਸਰਕਾਰੀ-ਪਬਲਿਕ ਪਾਰਟਨਰਸ਼ਿਪ' ਤਹਿਤ ਇਹ ਇੱਕ ਸ਼ਾਨਦਾਰ ਪ੍ਰੋਜੈਕਟ ਹੈ | ਇਸ ਲਾਇਬ੍ਰੇਰੀ ਲਈ ਮੰਚ ਵਲੋਂ 100 ਤੋਂ ਵੱਧ ਪੁਸਤਕਾਂ ਭੇਟ ਕੀਤੀਆਂ ਗਈਆਂ ਹਨ ਅਤੇ ਭਵਿੱਖ ਵਿਚ ਹੋਰ ਕਿਤਾਬਾਂ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ ਹੈ |