ਗੁਰੂਹਰਸਹਾਏ, 6 ਫਰਵਰੀ (ਕਪਿਲ ਕੰਧਾਰੀ)-ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵਿਗਿਆਨ ਰਜਿ ਨੰ. 302 ਬਰਾਂਚ ਗੁਰੂਹਰਸਹਾਏ ਦੀ ਮੀਟਿੰਗ ਦਫ਼ਤਰ ਗੁਰੂਹਰਸਹਾਏ ਵਿਖੇ ਸੂਬਾਈ ਆਗੂ ਤੇ ਬਰਾਂਚ ਪ੍ਰਧਾਨ ਹਰਭਜਨ ਸਿੰਘ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਪ੍ਰੀਤਮ ਸਿੰਘ ਵਲੋਂ ਸ਼ੁਰੂ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਭਜਨ ਸਿੰਘ ਠਠੇਰਾ ਵਾਲਾ ਨੇ ਦੱਸਿਆ ਕਿ ਬਦਲਾਅ ਦਾ ਨਾਂਅ ਲੈ ਕੇ ਸੱਤਾ ਵਿਚ ਆਈ ਪੰਜਾਬ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਪਿਛਲੇ ਸਾਲ ਡੀ. ਏ. ਨਾ ਦੇ ਕੇ ਠਗਿਆ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦਾ 16% ਡੀ. ਏ. ਸਰਕਾਰ ਵਲੋਂ ਬਕਾਇਆ ਪਿਆ ਹੈ ਜੋ ਕਿ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਦਿੱਤਾ ਨਹੀਂ ਜਾ ਰਿਹਾ | ਇਸੇ ਤਰ੍ਹਾਂ ਪੰਜਾਬ ਸਰਕਾਰ ਵਲੋਂ ਹਰ ਇਕ ਮਹਿਲਾ ਨੂੰ ਇਕ ਹਜ਼ਾਰ ਰੁਪਏ ਮਹੀਨੇ ਦੇ ਦੇਣ ਦਾ ਵਾਅਦਾ ਕੀਤਾ ਸੀ, ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਹ ਮਹਿਲਾਵਾਂ ਨੂੰ ਨਹੀਂ ਦਿੱਤਾ ਗਿਆ | ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਦਤਾਰ ਸਿੰਘ ਨੇ ਮੰਗ ਕੀਤੀ ਕਿ ਕਲਾਸ ਚਾਰ ਦੀ ਬਿਨਾਂ ਸ਼ਰਤ ਤਰੱਕੀਆਂ ਕੀਤੀਆਂ ਜਾਣ | ਇਸੇ ਤਰ੍ਹਾਂ ਦਫ਼ਤਰੀ ਸੇਵਾਦਾਰਾਂ, ਚੌਕੀਦਾਰਾਂ ਤੇ ਸਫ਼ਾਈ ਸੇਵਕਾਂ ਦੀਆਂ ਵੀ ਤਰੱਕੀਆਂ ਕੀਤੀਆਂ ਜਾਣ | ਟੈੱਸਟ ਪਾਸ ਪੰਪ ਓਪਰੇਟਰਾਂ ਨੂੰ ਵੀ ਪ੍ਰਮੋਟ ਕੀਤਾ ਜਾਵੇ | ਇਸ ਮੌਕੇ ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨਣ ਕਰਕੇ ਸਮੂਹ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਜਥੇਬੰਦੀ ਵਲੋਂ ਉਪ ਮੰਡਲ ਵਿਖੇ ਜਥੇਬੰਦੀ ਦਾ ਝੰਡਾ ਵੀ ਲਹਿਰਾਇਆ ਗਿਆ | ਮੀਟਿੰਗ ਨੂੰ ਰਾਮ ਕੁਮਾਰ ਕੈਸ਼ੀਅਰ, ਰਣਜੀਤ ਸਿੰਘ, ਬਲਵੀਰ ਸਿੰਘ, ਮਿੱਠੂ ਸਿੰਘ, ਬਲਵੀਰ ਸਿੰਘ ਖ਼ਾਲਸਾ, ਸੂਬਾ ਸਿੰਘ, ਸੁਭਾਸ਼ ਚੰਦਰ ਨੇ ਵੀ ਸੰਬੋਧਨ ਕੀਤਾ |