ਫ਼ਿਰੋਜ਼ਪੁਰ, 24 ਫਰਵਰੀ (ਗੁਰਿੰਦਰ ਸਿੰਘ)-ਪੰਜਾਬ ਦੇ ਸਰਕਾਰੀ ਸਕੂਲਾਂ 'ਚ ਸ਼ੁਰੂ ਹੋਣ ਜਾ ਰਹੀ 'ਅਨਬਾਕਸਿੰਗ ਸੈਲੀਬ੍ਰੇਸ਼ਨ' ਮੁਹਿੰਮ ਵਿਵਾਦਾਂ ਵਿਚ ਘਿਰ ਗਈ ਹੈ | ਕੰਪਿਊਟਰ ਅਧਿਆਪਕਾਂ ਨੇ ਸਰਕਾਰ ਵਲੋਂ ਨਵੇਂ ਕੰਪਿਊਟਰਾਂ ਦੇ ਉਦਘਾਟਨ ਲਈ ਕਰਵਾਏ ਜਾਣ ਵਾਲੇ ਸਮਾਰੋਹਾਂ ਨੂੰ 'ਡਿਜੀਟਲ ਜਸ਼ਨ' ਦੀ ਥਾਂ 'ਸਿਆਸੀ ਸਟੰਟ' ਕਰਾਰ ਦਿੱਤਾ ਹੈ | ਉਨ੍ਹਾਂ ਐਲਾਨ ਕੀਤਾ ਹੈ ਕਿ ਸਮਾਰੋਹ ਦੌਰਾਨ ਵਿਧਾਇਕਾਂ ਦਾ ਸਵਾਗਤ ਫੁੱਲਾਂ ਨਾਲ ਨਹੀਂ, ਸਗੋਂ ਸਿੱਖਿਆ ਮੰਤਰੀ ਦੇ ਪੁਰਾਣੇ ਵਾਅਦਿਆਂ ਵਾਲੇ ਪੋਸਟਰਾਂ ਨਾਲ ਕੀਤਾ ਜਾਵੇਗਾ | ਕੰਪਿਊਟਰ ਫੈਕਲਟੀ ਐਸੋਸੀਏਸ਼ਨ ਦੇ ਸੂਬਾਈ ਆਗੂ ਪ੍ਰਦੀਪ ਕੁਮਾਰ ਮਲੂਕਾ, ਜਸਪਾਲ ਫ਼ਤਹਿਗੜ੍ਹ ਸਾਹਿਬ, ਲਖਵਿੰਦਰ ਸਿੰਘ ਫ਼ਿਰੋਜ਼ਪੁਰ, ਪਵਨ ਸ਼ਰਮਾ ਜਲੰਧਰ, ਹਰਚਰਨ ਸਿੰਘ, ਜਤਿੰਦਰ ਸਿੰਘ ਸੋਢੀ, ਰਾਕੇਸ਼ ਸੈਣੀ ਪਠਾਨਕੋਟ ਤੇ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਆਗੂ ਪਰਮਵੀਰ ਸਿੰਘ ਪੰਮੀ ਨੇ ਦੱਸਿਆ ਕਿ ਵਿਭਾਗ ਵਲੋਂ ਸਕੂਲ ਮੁਖੀਆਂ ਨੂੰ ਭੇਜੇ ਗਏ ਪੱਤਰ 'ਤੇ ਕਿਸੇ ਉੱਚ ਅਧਿਕਾਰੀ ਦੇ ਦਸਤਖ਼ਤ ਨਹੀਂ ਹਨ | ਅਧਿਆਪਕਾਂ ਦਾ ਦੋਸ਼ ਹੈ ਕਿ ਅਧਿਕਾਰੀ ਜ਼ਿੰਮੇਵਾਰੀ ਤੋਂ ਪਾਸਾ ਬਚਾ ਰਹੇ ਹਨ, ਜਦਕਿ ਸਕੂਲਾਂ ਨੂੰ ਸਮਾਰੋਹ ਦੀ ਤਿਆਰੀ ਲਈ ਦਬਾਅ ਬਣਾਇਆ ਜਾ ਰਿਹਾ ਹੈ | ਉਨ੍ਹਾਂ ਸਵਾਲ ਕੀਤਾ ਕਿ ਜਦੋਂ ਵਿਭਾਗ ਖ਼ੁਦ ਪੱਤਰ ਦੀ ਜ਼ਿੰਮੇਵਾਰੀ ਨਹੀਂ ਲੈਂਦਾ, ਤਾਂ ਅਧਿਆਪਕਾਂ ਨੂੰ ਕਿਵੇਂ ਮਜਬੂਰ ਕੀਤਾ ਜਾ ਸਕਦਾ ਹੈ | ਅਧਿਆਪਕਾਂ ਅਨੁਸਾਰ ਚਾਰ ਕੰਪਿਊਟਰਾਂ ਦੇ ਡੱਬੇ ਖੋਲ੍ਹਣ ਨੂੰ ਵੱਡੀ ਉਪਲਬਧੀ ਵਜੋਂ ਪੇਸ਼ ਕਰਦੇ ਹੋਏ ਵਿਧਾਇਕਾਂ ਦੀ ਮੌਜੂਦਗੀ 'ਚ ਸਮਾਰੋਹ ਕਰਨ ਦੇ ਹੁਕਮ ਦਿੱਤੇ ਗਏ ਹਨ | ਲਗਪਗ 30 ਹਜ਼ਾਰ ਰੁਪਏ ਦੇ ਖ਼ਰਚੇ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ, ਪਰ ਇਸ ਲਈ ਕੋਈ ਸਰਕਾਰੀ ਫ਼ੰਡ ਜਾਰੀ ਨਹੀਂ ਕੀਤਾ | ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਰਕਮ ਉਨ੍ਹਾਂ ਨੂੰ ਆਪਣੀ ਜੇਬ ਤੋਂ ਖ਼ਰਚਣ ਲਈ ਕਿਹਾ ਜਾ ਰਿਹਾ ਹੈ, ਜੋ ਨਾਜਾਇਜ਼ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਸਾਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਹਨ ਤੇ ਅਜਿਹੇ ਸਮਾਰੋਹ ਪੜ੍ਹਾਈ 'ਚ ਵਿਘਨ ਪੈਦਾ ਕਰਨਗੇ | ਅਧਿਆਪਕ ਆਗੂਆਂ ਨੇ ਦੱਸਿਆ ਕਿ ਮਿਡਲ ਸਕੂਲਾਂ ਵਿਚ ਕੰਪਿਊਟਰ ਸਾਇੰਸ ਦੀਆਂ ਪੋਸਟਾਂ ਹੀ ਮੌਜੂਦ ਨਹੀਂ | ਨੇੜਲੇ ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਾਧੂ ਡਿਊਟੀ ਦੇ ਕੇ ਸੇਵਾਵਾਂ ਲਵਾਈਆਂ ਜਾ ਰਹੀਆਂ ਹਨ | ਪਿਛਲੇ ਚਾਰ ਸਾਲਾਂ 'ਚ ਕੋਈ ਨਵੀਂ ਭਰਤੀ ਨਾ ਹੋਣ ਕਾਰਨ ਸਟਾਫ਼ ਦੀ ਕਮੀ ਗੰਭੀਰ ਮੁੱਦਾ ਬਣ ਚੁੱਕੀ ਹੈ | ਅਧਿਆਪਕਾਂ ਨੇ ਸਪਸ਼ਟ ਕੀਤਾ ਕਿ ਜਦ ਤੱਕ ਉਨ੍ਹਾਂ ਦੇ ਰੈਗੂਲਰ ਆਰਡਰਾਂ ਦੇ ਲਾਭ ਬਹਾਲ ਨਹੀਂ ਹੁੰਦੇ, ਛੇਵਾਂ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਜਾਂਦਾ ਅਤੇ ਮਿ੍ਤਕ ਅਧਿਆਪਕਾਂ ਦੇ ਵਾਰਸਾਂ ਨੂੰ ਨੌਕਰੀ ਨਹੀਂ ਮਿਲਦੀ, ਤਦ ਤੱਕ ਵਿਰੋਧ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਸਕੂਲਾਂ ਦੀਆਂ ਕੰਧਾਂ 'ਤੇ ਸਰਕਾਰ ਦੀਆਂ ਨਾਕਾਮੀਆਂ ਬਾਰੇ ਪੋਸਟਰ ਲਗਾ ਕੇ ਜਨਤਾ ਨੂੰ ਹਕੀਕਤ ਦੱਸਿਆ ਜਾਵੇਗਾ | ਅਧਿਆਪਕਾਂ ਦਾ ਇਹ ਤਿੱਖਾ ਰੁਖ਼ ਆਉਣ ਵਾਲੇ ਸਮੇਂ ਵਿਚ ਸਰਕਾਰ ਲਈ ਚੁਨੌਤੀ ਬਣ ਸਕਦਾ ਹੈ |