ਫ਼ਿਰੋਜ਼ਪੁਰ, 25 ਫਰਵਰੀ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਫਾਊਾਡੇਸ਼ਨ ਵਲੋਂ ਜਿੱਥੇ ਪਿਛਲੇ ਕਰੀਬ ਛੇ ਸਾਲਾਂ ਤੋਂ ਸ਼ਹਿਰ ਅੰਦਰ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ, ਉੱਥੇ ਹੀ ਹਾਕੀ ਦੇ ਉੱਭਰਦੇ ਖਿਡਾਰੀਆਂ ਵਾਸਤੇ ਦੁੱਧ ਦੀ ਸੇਵਾ ਵੀ ਲਗਾਤਾਰ ਜਾਰੀ ਰੱਖੀ ਹੋਈ ਹੈ | ਅੱਜ ਇੱਥੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹਾਕੀ ਮੈਦਾਨ ਵਿਚ ਖਿਡਾਰੀਆਂ ਨੂੰ ਖ਼ੁਦ ਦੁੱਧ ਵੰਡਣ ਪੁੱਜੇ ਫ਼ਿਰੋਜ਼ਪੁਰ ਫਾਊਾਡੇਸ਼ਨ ਦੇ ਆਗੂ ਸ਼ਲਿੰਦਰ ਕੁਮਾਰ ਲੋਰੀਆ ਨੇ ਕਿਹਾ ਕਿ ਹਾਕੀ ਕੋਚ ਮਨਮੀਤ ਸਿੰਘ ਰੂਬਲ ਦੀ ਮੰਗ 'ਤੇ ਉਨ੍ਹਾਂ ਨੇ ਖਿਡਾਰੀਆਂ ਵਾਸਤੇ ਉਕਤ ਸੇਵਾ ਸ਼ੁਰੂ ਕੀਤੀ ਸੀ ਜੋ ਪਿਛਲੇ ਕਈ ਮਹੀਨਿਆਂ ਤੋਂ ਨਿਰੰਤਰ ਜਾਰੀ ਹੈ ਅਤੇ ਅੱਗੇ ਵੀ ਚੱਲਦੀ ਰਹੇਗੀ | ਉਨ੍ਹਾਂ ਕਿਹਾ ਕਿ ਅੱਜ ਉਹ ਖ਼ੁਦ ਖਿਡਾਰੀਆਂ ਨੂੰ ਮਿਲਣ ਆਏ ਹਨ ਅਤੇ ਪਤਾ ਲੱਗਾ ਕਿ ਦੁੱਧ ਦੀ ਥੋੜ੍ਹੀ ਕਮੀ ਹੋ ਜਾਂਦੀ ਹੈ ਤਾਂ ਉਨ੍ਹਾਂ ਅੱਜ ਤੋਂ ਹੋਰ ਦੁੱਧ ਭੇਜਣ ਦਾ ਵਾਅਦਾ ਕੀਤਾ ਹੈ | ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਫ਼ਿਰੋਜ਼ਪੁਰ ਫਾਊਾਡੇਸ਼ਨ ਦੀ ਇਹ ਸੇਵਾ ਕਾਬਿਲ ਏ ਤਾਰੀਫ਼ ਹੈ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਸਾਨੂੰ ਆਪਣੇ ਨੌਜਵਾਨਾਂ ਨੂੰ ਸਾਂਭਣ ਦਾ ਵੇਲਾ ਹੈ | ਗਰੇਵਾਲ ਨੇ ਦੱਸਿਆ ਕਿ ਸੌ ਦੇ ਕਰੀਬ ਖਿਡਾਰੀਆਂ ਨੂੰ ਦੁੱਧ ਦਿੱਤਾ ਜਾ ਰਿਹਾ ਹੈ | ਹਾਕੀ ਕੋਚ ਮਨਮੀਤ ਸਿੰਘ ਰੂਬਲ ਨੇ ਫ਼ਿਰੋਜ਼ਪੁਰ ਫਾਊਾਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਾਕੀ ਮੈਦਾਨ ਵਿਚ ਗ਼ਰੀਬ ਘਰਾਂ ਦੇ ਖਿਡਾਰੀ ਵੀ ਹਾਕੀ ਸਿੱਖ ਰਹੇ ਹਨ | ਜਿਨ੍ਹਾਂ ਨੂੰ ਮੁਕੰਮਲ ਡਾਈਟ ਦੀ ਜ਼ਰੂਰਤ ਹੁੰਦੀ ਹੈ ਪਰ ਪੂਰੀ ਨਹੀਂ ਹੁੰਦੀ, ਅਜਿਹੇ ਵਿਚ ਫ਼ਿਰੋਜ਼ਪੁਰ ਫਾਊਾਡੇਸ਼ਨ ਫ਼ਰਿਸ਼ਤਾ ਬਣ ਕੇ ਬਹੁੜੀ ਹੈ | ਇਸ ਮੌਕੇ ਮਨਿੰਦਰ ਹਾਂਡਾ, ਜਸਪ੍ਰੀਤ ਸਿੰਘ ਜੱਸੀ ਤੂਰ, ਗੁਰਨਾਮ ਸਿੱਧੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ |