ਜ਼ੀਰਾ, 5 ਮਾਰਚ (ਰਜਨੀਸ਼ ਕਥੂਰੀਆ)-ਪਿਛਲੇ ਲੰਬੇ ਸਮੇਂ ਤੋਂ ਨਸ਼ਾ ਵੇਚਣ ਲਈ ਬਦਨਾਮ ਸਮਾਧੀ ਮਹੱਲਾ ਜ਼ੀਰਾ ਵਿਚ ਸ਼ਾਮ ਕਰੀਬ 5.00 ਵਜੇ ਕਿਸੇ ਪੁਰਾਣੀ ਰੰਜਸ਼ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਏ ਟਕਰਾਅ ਦੇ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ | ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਨਾ ਸਿਰਫ਼ ਇੱਟਾਂ-ਰੋੜੇ ਚੱਲੇ ਬਲਕਿ ਕਥਿਤ ਤੌਰ 'ਤੇ ਨਜਾਇਜ਼ ਅਸਲੇ ਨਾਲ ਗੋਲੀਆਂ ਵੀ ਚਲੀਆਂ | ਇਸ ਦੌਰਾਨ ਸਮਾਧੀ ਮੁਹੱਲੇ ਦੀ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਅਤੇ ਮਕਾਨ ਮਾਲਕਾਂ ਨੇ ਆਪਣੀਆਂ ਦੁਕਾਨਾਂ ਅਤੇ ਘਰਾਂ ਦੇ ਦਰਵਾਜ਼ੇ ਬੰਦ ਕਰਕੇ ਆਪਣੀ ਜਾਨ ਬਚਾਈ | ਮੁਹੱਲਾ ਵਾਸੀਆਂ ਦੇ ਦੱਸਣ ਮੁਤਾਬਿਕ ਇਹ ਟਕਰਾਅ ਕਿਸੇ ਪੁਰਾਣੀ ਰੰਜਸ਼ ਨੂੰ ਲੈ ਕੇ ਹੋਇਆ ਹੈ | ਇਸ ਘਟਨਾਕ੍ਰਮ ਦਾ ਦਿਲਚਸਪ ਪਹਿਲੂ ਇਹ ਹੈ ਕਿ ਇਸ ਟਕਰਾਅ ਤੋਂ ਬਾਅਦ ਕਿਸੇ ਵੀ ਧਿਰ ਦਾ ਕੋਈ ਵੀ ਵਿਅਕਤੀ ਕਿਸੇ ਹਸਪਤਾਲ ਵਿਚ ਦਾਖਿਲ ਨਹੀਂ ਹੋਇਆ | ਇਸ ਟਕਰਾਅ ਦੇ ਦੌਰਾਨ ਇਕ ਵਿਅਕਤੀ ਦੇ ਘਰ ਦਾ ਕਾਫ਼ੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ | ਘਟਨਾ ਤੋਂ ਬਾਅਦ ਸਮਾਧੀ ਰੋਡ ਸੜਕ 'ਤੇ ਖਿੱਲਰੇ ਹੋਏ ਇੱਟਾਂ-ਰੋੜੇ ਅਤੇ ਭੰਨ ਤੋੜ ਦੇ ਨਿਸ਼ਾਨ ਹੋਈ ਜ਼ਬਰਦਸਤ ਲੜਾਈ ਦੀ ਗਵਾਹੀ ਭਰ ਰਹੇ ਸਨ | ਪ੍ਰਤੱਖ ਦਰਸ਼ੀਆਂ ਅਨੁਸਾਰ ਗੁੰਡਾਗਰਦੀ ਦਾ ਇਹ ਨੰਗਾ ਨਾਚ ਲਗਭਗ ਅੱਧਾ ਘੰਟਾ ਜਾਰੀ ਰਿਹਾ ਜਿਸ ਨੂੰ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਆ ਕੇ ਬੰਦ ਕਰਵਾਇਆ ਅਤੇ ਇਸ ਦੌਰਾਨ ਦੋਵੇਂ ਧਿਰਾਂ ਨਾਲ ਸੰਬੰਧਿਤ ਵਿਅਕਤੀ ਫ਼ਰਾਰ ਹੋ ਗਏ | ਇਸ ਸੰਬੰਧ ਵਿਚ ਜਦੋਂ ਥਾਣਾ ਸਿਟੀ ਜ਼ੀਰਾ ਦੇ ਐੱਸ.ਐੱਚ.ਓ. ਗੁਰਜੰਟ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਮੁਹੱਲੇ ਦੇ ਰਹਿਣ ਵਾਲੇ ਮੋਹਨ ਘੁੱਦੇ ਅਤੇ ਲੱਡੂ ਦੀ ਜੱਜੀ ਪੁੱਤਰ ਗੇਜਾ ਸਿੰਘ ਨਾਲ ਪੁਰਾਣੀ ਰੰਜਸ਼ ਚਲੀ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਮੋਹਨ ਹੂਰਾਂ ਨੇ ਜੱਜੀ ਧਿਰ ਦੇ ਇਕ ਵਿਅਕਤੀ ਦੀ ਕੁੱਟਮਾਰ ਕੀਤੀ ਸੀ | ਜਿਸ ਨੂੰ ਲੈ ਕੇ ਇਹਨਾਂ ਦੋਵਾਂ ਧਿਰਾਂ ਦਾ ਆਪਸੀ ਟਕਰਾਅ ਹੋਇਆ ਹੈ | ਉਨ੍ਹਾਂ ਹੋਰ ਦੱਸਿਆ ਕਿ ਦੋਵਾਂ ਧਿਰਾਂ ਦੇ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ | ਉਨ੍ਹਾਂ ਨੇ ਕਈ ਰਾਊਾਡ ਗੋਲੀਆਂ ਚੱਲਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਕ ਪੁਰਾਣੀ ਗੋਲੀ ਦਾ ਹੀ ਖ਼ੋਲ ਮਿਲਿਆ ਹੈ | ਖ਼ਬਰ ਲਿਖੇ ਜਾਣ ਤੱਕ ਪੁਲਿਸ ਮੁਹੱਲੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਸੀ | ਦਿਨ ਦਿਹਾੜੇ ਹੋਈ ਇਸ ਗੁੰਡਾਗਰਦੀ ਤੋਂ ਬਾਅਦ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਹੈ |