ਫ਼ਿਰੋਜ਼ਪੁਰ, ਕੁਲਗੜ੍ਹੀ, 8 ਮਾਰਚ (ਕੁਲਬੀਰ ਸਿੰਘ ਸੋਢੀ,ਸੁਖਜਿੰਦਰ ਸਿੰਘ ਸੰਧੂ)-ਆਮ ਆਦਮੀ ਪਾਰਟੀ ਨੇ ਸੱਤਾ 'ਤੇ ਕਾਬਜ਼ ਹੋਣ ਤੋਂ ਪਹਿਲਾਂ ਸੂਬਾ ਪੰਜਾਬ ਦੀਆਂ ਮਾਵਾਂ ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਪੰਜਾਬ ਦੀਆਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ | ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ | ਜਿਸ ਦੇ ਸਬੰਧ ਵਿਚ ਹਲਕਾ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਦੇ ਦਫਤਰ ਅਤੇ ਦਿਹਾਤੀ ਵਿਧਾਇਕ ਰਜਨੀਸ਼ ਕੁਮਾਰ ਦਹੀਆ ਦੇ ਦਫ਼ਤਰ ਸਾਹਮਣੇ ਸ਼ਾਂਤੀ ਵਿੱਦਿਆ ਮੰਦਰ ਸਕੂਲ ਵਿਚ ਖ਼ਾਸ ਪ੍ਰੋਗਰਾਮ ਰੱਖਿਆ ਗਿਆ | ਜਿਨ੍ਹਾਂ ਵਿਚ ਐੱਲ.ਈ.ਡੀ ਸਕਰੀਨਾਂ ਰਾਹੀਂ ਵਿਧਾਨ ਸਭਾ ਦਾ ਸੈਸ਼ਨ ਹਾਜ਼ਰ ਮਹਿਲਾਵਾਂ ਨੂੰ ਲਾਈਵ ਦਿਖਾਇਆ ਗਿਆ ਅਤੇ ਦੋਨੋਂ ਹਲਕਿਆਂ ਦੀਆਂ ਹਾਜ਼ਰ ਮਹਿਲਾਵਾਂ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ ਗਿਆ | ਦੋਨੋਂ ਪ੍ਰੋਗਰਾਮਾਂ ਵਿਚ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਦੇ ਧਰਮ ਪਤਨੀ ਮੈਡਮ ਅਮਨਦੀਪ ਕੌਰ ਗੋਸਲ ਅਤੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਦੇ ਧਰਮ ਪਤਨੀ ਸ਼੍ਰੀਮਤੀ ਸੁਦੇਸ਼ ਦਹੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਮੈਡਮ ਅਮਨਦੀਪ ਕੌਰ ਗੋਸਲ ਨੇ ਹਾਜ਼ਰ ਬੀਬੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸੱਤਾ ਤੇ ਕਾਬਜ਼ ਹੋਣ ਤੋਂ ਪਹਿਲਾ ਜੋ ਵਾਅਦੇ ਸੂਬੇ ਦੀ ਜਨਤਾ ਨਾਲ ਕੀਤੇ ਸਨ, ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕਰ ਦਿੱਤਾ ਗਿਆ ਹੈ | ਉਨ੍ਹਾਂ ਮਹਿਲਾਵਾਂ ਨੂੰ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਮਹਿਲਾਵਾਂ ਦੇ ਹੱਕ ਵਿਚ ਫ਼ੈਸਲਾ ਲੈਂਦੇ ਹੋਏ ਜਿੱਥੇ ਰਾਜਨੀਤੀ ਵਿਚ ਵੱਡੇ ਅਹੁਦੇ ਦਿੱਤੇ ਹਨ ਤੇ ਦੂਸਰੇ ਪਾਸੇ ਹਰੇਕ ਮਹਿਲਾ ਨੂੰ ਹਜ਼ਾਰ ਰੁਪਏ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਵਿਚ ਖਰੀ ਉੱਤਰੀ ਹੈ | ਉਨ੍ਹਾਂ ਦੱਸਿਆ ਕਿ ਮਹਿਲਾਵਾਂ ਨੂੰ ਦਿੱਤੇ ਜਾਣ ਵਾਲੇ ਇਸ ਲਾਭ ਵਿਚ ਐੱਸ.ਸੀ ਭਾਈਚਾਰੇ ਨਾਲ ਸਬੰਧਤ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਅਤੇ ਹੋਰਨਾਂ ਵਰਗਾਂ ਦੀਆਂ ਮਹਿਲਾਵਾਂ ਨੂੰ 1000 ਰੁਪਈਆ ਪ੍ਰਤੀ ਮਹੀਨਾ ਦਿੱਤਾ ਜਾਵੇਗਾ | ਇਸ ਮੌਕੇ ਵੱਡੀ ਸੰਖਿਆ ਵਿਚ ਮਹਿਲਾਵਾਂ ਤੇ ਹਲਕਿਆਂ ਦੇ ਆਗੂ ਤੇ ਪਾਰਟੀ ਵਰਕਰ ਹਾਜ਼ਰ ਸਨ |